ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ‘ਚ ਝੂਲੇ (Ajmer Jhula Incident) ਦੇ ਟੁੱਟਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 11 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਜਮੇਰ ਦੇ ਕੁੰਦਨ ਨਗਰ ਇਲਾਕੇ ਵਿੱਚ ਫੂਸ ਕੋਠੀ ਦੇ ਕੋਲ ਡਿਜ਼ਨੀਲੈਂਡ ਮੇਲਾ ਲਗਾਇਆ ਜਾਂਦਾ ਹੈ। ਮੰਗਲਵਾਰ ਨੂੰ ਇੱਕ ਟਾਵਰ ਦਾ ਝੂਲਾ ਕਰੀਬ 30 ਫੁੱਟ ਦੀ ਉਚਾਈ ਤੋਂ ਅਚਾਨਕ ਟੁੱਟ ਗਿਆ।
ਅਜਮੇਰ ਝੂਲੇ ਹਾਦਸੇ (Ajmer Jhula Incident)ਦੇ ਸਮੇਂ ਝੂਲੇ ‘ਤੇ ਕਰੀਬ 25 ਲੋਕ ਸਵਾਰ ਸਨ। ਜ਼ਖਮੀਆਂ ‘ਚ ਬੱਚੇ ਅਤੇ ਔਰਤਾਂ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਝੂਲਾ ਡਿੱਗਦੇ ਹੀ ਝੂਲੇ ਵਾਲਾ ਅਤੇ ਉਸ ਦਾ ਸਾਥੀ ਫ਼ਰਾਰ ਹੋ ਗਏ। ਘਟਨਾ ਦੌਰਾਨ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਅਜਮੇਰ ਮੇਲੇ ‘ਚ ਹੋਏ ਇਸ ਹਾਦਸੇ ‘ਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ‘ਅਜਮੇਰ ‘ਚ ਬੱਸ ਸਟੈਂਡ ਦੇ ਕੋਲ ਆਯੋਜਿਤ ਇੱਕ ਮੇਲੇ ‘ਚ ਝੂਲੇ ਦੇ ਟੁੱਟਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਸਾਰਿਆਂ ਦੀ ਸਿਹਤਯਾਬੀ ਲਈ ਅਰਦਾਸ ਕਰਦੀ ਹਾਂ।’
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, “ਇਹ ਘਟਨਾ ਝੂਲੇ ਦੀ ਕੇਬਲ ਟੁੱਟਣ ਕਾਰਨ ਵਾਪਰੀ। ਇਸ ਹਾਦਸੇ ‘ਚ 11 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਜੇਐਲਐਨ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਸਾਰੇ ਖਤਰੇ ਤੋਂ ਬਾਹਰ ਹਨ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨੀ ‘ਚ ਲੱਗੇ ਝੂਲੇ ਦੇ ਸੰਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।