ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਆਦਮਵਾਲ ਰੋਡ ’ਤੇ ਪੈਂਦੇ ਕੁਸ਼ਟ ਆਸ਼ਰਮ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇੱਕ ਮਕਾਨ ਮਾਲਕ ਨੇ ਠੇਕੇਦਾਰ ’ਤੇ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਿਕ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਠੇਕੇਦਾਰ ’ਤੇ ਗੋਲੀ ਚਲਾਈ ਗਈ ਸੀ। ਪਰ ਗਣੀਮਤ ਇਹ ਰਹੀ ਕਿ ਇਸ ਘਟਨਾ ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ।
ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਪਲਵਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਪੀੜਤ ਸੰਦੀਪ ਸੰਧੁ ਉਰਫ ਬੱਬੂ ਨੇ ਦੱਸਿਆ ਕਿ ਉਸ ਵਲੋਂ ਅਮਿਤ ਕੁਮਾਰ ਨਾਮ ਦੇ ਵਿਅਕਤੀ ਦਾ ਘਰ ਬਣਾਉਣ ਦਾ ਠੇਕਾ ਲਿਆ ਗਿਆ ਸੀ ਜੋ ਕਿ 33 ਲੱਖ ’ਚ ਤੈਅ ਹੋਇਆ ਸੀ ਤੇ ਜਿਸ ਵਿਚੋਂ 25 ਲੱਖ ਰੁਪਏ ਉਸ ਵਲੋਂ ਅਦਾ ਕਰ ਦਿੱਤੇ ਗਏ ਸੀ ਤੇ ਬਾਕੀ ਰਹਿੰਦੀ ਰਕਮ ਨੂੰ ਲੈ ਕੇ ਉਸ ਵਲੋਂ ਟਾਲਮਟੋਲ ਕੀਤੀ ਜਾ ਰਹੀ ਸੀ।
ਉਸਨੇ ਦੱਸਿਆ ਕਿ ਅੱਜ ਜਦੋਂ ਉਹ ਆਇਆ ਤਾਂ ਮਕਾਨ ਮਾਲਕ ਵਲੋਂ ਪਹਿਲਾਂ ਉਸਦੇ ਥੱਪੜ ਮਾਰੇ ਗਏ ਅਤੇ ਬਾਅਦ ’ਚ ਉਸਦੇ ਪੁੱਤਰ ਵਲੋਂ ਪਿਸਤੌਲ ਲਿਆ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਸ ਵਲੋਂ ਮੁਸ਼ਕਿਲ ਨਾਲ ਬਚਾਇਆ ਗਿਆ। ਡੀਐਸਪੀ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।