ਪੰਜਾਬ ਸਣੇ ਉੱਤਰ ਭਾਰਤ ਵਿੱਚ ਮੌਸਮ ਖਰਾਬ ਚੱਲ ਰਿਹਾ ਹੈ । ਇਸੇ ਦੇ ਚੱਲਦਿਆਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਨਵਾਲਾ ਵਿਖੇ ਉਸ ਵੇਲੇ ਲੋਕਾਂ ਵਿੱਚ ਡਰ ਦਾ ਮਾਹੌਲ ਫੈਲ ਗਿਆ, ਜਦੋਂ ਅਚਾਨਕ ਹੀ ਇੱਕ ਚੱਕਰਵਾਤੀ ਤੂਫ਼ਾਨ ਨੇ ਪਿੰਡ ਅਤੇ ਖੇਤਾਂ ’ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਪਿੰਡ ਬਕੈਨ ਵਾਲਾ ਦੇ ਇੱਕ ਪਾਸੀਓਂ ਆਇਆ ਅਤੇ ਦੇਖਦੇ ਹੀ ਦੇਖਦੇ ਇਸ ਨੇ ਪਿੰਡ ਦੇ ਕਈ ਘਰਾਂ ਨੂੰ ਆਪਣੀ ਲਪੇਟ ’ਚ ਲੈ ਕੇ ਢਹਿ-ਢੇਰੀ ਕਰ ਦਿੱਤਾ।
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਨਵਾਲਾ ਵਿਖੇ ਆਏ ਇਸ ਚੱਕਰਵਾਤੀ ਤੂਫਾਨ ਨੇ ਬਾਗਬਾਨੀ ਨੂੰ ਵੀ ਤਬਾਹ ਕਰ ਦਿੱਤਾ ਹੈ। ਇਹ ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਕਿੰਨੂ ਦੇ ਬੂਟਿਆਂ ਨੂੰ ਜੜ੍ਹੋਂ ਪੁੱਟ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਇੱਕ ਦਰਜਨ ਦੇ ਕਰੀਬ ਲੋਕਾਂ ਦੇ ਘਰ ਢਹਿ ਗਏ ਹਨ ਅਤੇ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਦੂਜੇ ਪਾਸੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਐਂਬੂਲੈਂਸ ਜ਼ਰੀਏ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।ਪਿੰਡ ਦੇ ਲੋਕਾਂ ਵਿੱਚ ਇਸ ਤੂਫਾਨ ਨੂੰ ਲੈ ਕੇ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।