05/18/2024 6:27 PM

PAU ‘ਚ ਲੱਗਿਆ 2 ਦਿਨਾ ਕਿਸਾਨ ਮੇਲਾ

ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ.) ਵਲੋਂ ਸ਼ੁੱਕਰਵਾਰ ਨੂੰ ਖ਼ਰੀਫ਼ ਦੀਆਂ ਫ਼ਸਲਾਂ ਨੂੰ ਲੈ ਕੇ 2 ਦਿਨਾਂ ਕਿਸਾਨ ਮੇਲਾ ਲਗਾਇਆ ਗਿਆ। ‘ਆਓ ਖੇਤੀ ਖ਼ਰਚ ਘਟਾਈਏ, ਵਾਧੂ ਪਾਣੀ, ਖਾਦ ਨਾ ਪਾਣੀ’ ਵਿਸ਼ੇ ’ਤੇ ਆਧਾਰਿਤ ਇਸ ਮੇਲੇ ਦੌਰਾਨ ਸੂਬੇ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਸਰਕਾਰੀ ਅਤੇ ਗੈਰ-ਸਰਕਾਰੀ ਵਿਭਾਗਾਂ ਅਤੇ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਲੋਂ ਖੇਤੀ ਨਾਲ ਸਬੰਧਿਤ ਸਮੱਗਰੀ, ਮਸ਼ੀਨਰੀ, ਸਾਹਿਤ ਅਤੇ ਹੋਰ ਚੀਜ਼ਾਂ ਦੀ ਪ੍ਰਦਰਸ਼ਨੀ ਅਤੇ ਸਟਾਲ ਲਾਏ ਗਏ।

ਮੇਲੇ ਦੀ ਅਗਵਾਈ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ, ਜਦੋਂ ਕਿ ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਦੇ ਪੌਦਾ ਰੋਗ ਮਾਹਰ ਅਤੇ ਕਣਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਗਿਆਨੀ ਡਾ. ਵਿਕਰਮ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਖ਼ਰਾਬ ਮੌਸਮ ਕਾਰਨ ਵੀ ਮੇਲੇ ’ਚ ਸ਼ਾਮਲ ਹੋਣ ਲਈ ਕਿਸਾਨਾਂ ’ਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਮੁੱਖ ਮਹਿਮਾਨ ਵਿਕਰਮ ਸਿੰਘ ਗਿੱਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਸੰਸਾਰ ’ਚ ਸਭ ਤੋਂ ਵੱਧ ਪਵਿੱਤਰ ਧੰਦਾ ਹੈ।

ਉਨ੍ਹਾਂ ਖੇਤੀ ਦੇ ਵਿਕਾਸ ਲਈ ਸਿੱਖਿਆ ਹਾਸਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੈਨਸਾਸ ਸਟੇਟ ਪੰਜਾਬ ਵਾਂਗ ਕਣਕ ਪ੍ਰਧਾਨ ਰਾਜ ਹੈ ਅਤੇ ਉੱਥੋਂ ਦੇ ਕਿਸਾਨਾਂ ਦੇ ਖੇਤੀ ਸਿੱਖਿਆ ਨਾਲ ਆਪਣੇ ਸਬੰਧ ਮਜ਼ਬੂਤ ਕੀਤੇ ਹਨ। ਉਨ੍ਹਾਂ ਨੇ ਕਣਕ ਦੀ ਖੇਤੀ ਨੂੰ ਰਵਾਇਤੀ ਢੰਗਾਂ ਨਾਲ-ਨਾਲ ਨਵੀਆਂ ਤਕਨੀਕਾਂ ਮੁਤਾਬਕ ਕਰਨ ਦੇ ਸੁਝਾਅ ਦਿੱਤੇ ਅਤੇ ਇਸ ਸਮੇਂ ਦੌਰਾਨ ਫ਼ਸਲ ਵਖਰੇਵੇਂ ਅਤੇ ਖ਼ੁਰਾਕ ਦੀ ਲੋੜ ਲਈ ਕਣਕ ਦੀਆਂ ਕਿਸਮਾਂ ਦੀ ਖੋਜ ਦੀ ਵਕਾਲਤ ਕੀਤੀ।