ਲਾਸਾਨੀ ਸ਼ਹੀਦ ਭਾਈ ਸੁਬੇਗ ਸਿੰਘ ਜੀ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਜੰਬਰ ਵਿਖੇ ਭਾਈ ਰਾਇ ਭਾਗਾ ਜੀ ਦੇ ਗ੍ਰਹਿ ਹੋਇਆ ।ਜੰਬਰ ਪਿੰਡ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ ਹੋਣ ਦਾ ਮਾਣ ਹਾਸਿਲ ਹੈ, ਜਿੱਥੇ ਸਤਿਗੁਰੂ ਜੀ ਨੇ ਭਾਈ ਕਿਦਾਰਾ,ਭਾਈ ਸਮੁੱਧਾ,ਭਾਈ ਮਖੰਡਾ,ਭਾਈ ਤੁਲਸਾ,ਭਾਈ ਲਾਲੂ ਆਦਿ ਸ਼ਰਧਾਵਾਨ ਸਿੱਖਾਂ ਨੂੰ ਗੁਰਸਿੱਖੀ ਦੀ ਦਾਤਿ ਬਖ਼ਸ਼ੀ ।
ਭਾਈ ਸੁਬੇਗ ਸਿੰਘ ਜੀ ਖ਼ਾਨਦਾਨ ਪੱਖੋਂ ਚੰਗੇ ਰਸੂਖਦਾਰ, ਪੜ੍ਹੇ ਲਿਖੇ, ਅਰਬੀ ਫਾਰਸੀ ਦੇ ਵਿਦਵਾਨ, ਭਜਨ ਬੰਦਗੀ ਵਾਲੇ ਗੁਰਸਿੱਖ ਸਨ ਜੋ ਆਪਣੀ ਲਿਆਕਤ ਦੇ ਬੱਲ ਤੇ ਮੁਗ਼ਲ ਅਫ਼ਸਰਾਂ ਨਾਲ ਰਾਬਤਾ ਕਾਇਮ ਕਰਕੇ ਲਾਹੌਰ ਦਰਬਾਰ ਵਿਚ ਸਰਕਾਰੀ ਠੇਕੇਦਾਰ ਬਣ ਗਏ। ਗੁਰ ਸਿਧਾਂਤਾਂ ‘ਤੇ ਚੱਲਦਿਆਂ ਸਿੱਖਾਂ ਤੇ ਮੁਗਲੀਆ ਹਕੂਮਤ ਵਿਚਾਲੇ ਖ਼ੂਨੀ ਟਕਰਾਅ ਨੂੰ ਰੋਕਣ ਲਈ ਅਮਨ-ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਸੰਨ 1733 ਵਿਚ ਜ਼ਕਰੀਆ ਖ਼ਾਨ ਵੱਲੋਂ ਸਿੱਖਾਂ ਨੂੰ ਨਵਾਬ ਦੀ ਪੇਸ਼ਕਸ਼ ਭਾਈ ਸੁਬੇਗ ਸਿੰਘ ਜੀ ਦੇ ਸਦਕਾ ਹੀ ਸਿਰੇ ਚੜ੍ਹੀ, ਜਿਸ ਸਦਕਾ ਜਿੱਥੇ ਹਕੂਮਤੀ ਤਸ਼ੱਦਦ ਟਲਿਆ ਉਥੇ ਸਿੱਖਾਂ ਕੋਲ ਦੀਪਾਲਪੁਰ,ਕੰਗਣਵਾਲ ਤੇ ਝਬਾਲ ਪਰਗਣਿਆਂ ਦੀ ਜ਼ਮੀਨ ਵੀ ਹੱਥ ਆਈ ।
ਸੰਨ 1745 ਵਿਚ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਉਸਦਾ ਪੁੱਤ ਯਹੀਆ ਖ਼ਾਨ ਬਣਿਆ ਜੋ ਕੱਟੜ ਸ਼ਰਈ ਫਿਰਕਾਪ੍ਰਸਤੀ ਭਰਿਆ ਹਾਕਮ ਸੀ। ਉਸਨੇ ਸਿੱਖਾਂ ‘ਤੇ ਜ਼ੁਲਮ ਦੀ ਹੱਦ ਮੁਕਾ ਦਿੱਤੀ। ਯਹੀਆ ਖ਼ਾਨ ਭਾਈ ਸੁਬੇਗ ਸਿੰਘ ਨੂੰ ਪਹਿਲਾਂ ਹੀ ਪਸੰਦ ਨਹੀਂ ਸੀ ਕਰਦਾ। ਇਕ ਦਿਨ ਅਚਾਨਕ ਉਸਦੀ ਕਚਹਿਰੀ ਵਿੱਚ ਸੁਬੇਗ ਸਿੰਘ ਦੇ ਨੌਜਵਾਨ ਪੁੱਤਰ ਸ਼ਾਹਬਾਜ਼ ਸਿੰਘ ਦੀ ਸ਼ਿਕਾਇਤ ਪੁੱਜੀ ਕਿ ਸ਼ਾਹਬਾਜ਼ ਸਿੰਘ ਨੇ ਇਕ ਮਦਰੱਸੇ ਦੀ ਭਰੀ ਸਭਾ ਵਿਚ ਹਜ਼ਰਤ ਮੁਹੰਮਦ ਸਾਹਿਬ ਅਤੇ ਇਸਲਾਮ ਪ੍ਰਤੀ ਅਪਮਾਨਜਨਕ ਸ਼ਬਦ ਕਹੇ ਹਨ ਜਦਕਿ ਅਸਲੀਅਤ ਵਿਚ ਇਹ ਸ਼ਿਕਾਇਤ ਸਰਾਸਰ ਝੂਠ ਦਾ ਪੁਲੰਦਾ ਸੀ ।ਕਹਾਣੀ ਇੰਝ ਵਾਪਰੀ ਕਿ ਜਿਸ ਮਦਰੱਸੇ ਵਿਚ ਭਾਈ ਸ਼ਾਹਬਾਜ਼ ਸਿੰਘ ਪੜ੍ਹਦਾ ਸੀ ਉਥੇ ਉਸ ਤੇ ਦੂਸਰੇ ਵਿਦਿਆਰਥੀਆਂ ਵਿਚਾਲੇ ਬਹਿਸ ਦੌਰਾਨ ਉਸਨੇ ਕੱਟੜਤਾ ਭਰੇ ਲਹਿਜੇ ਨੂੰ ਨਕਾਰਦਿਆਂ ਮੌਲਵੀ ਸਮੇਤ ਸਭ ਨੂੰ ਨਿਰੁੱਤਰ ਕੀਤਾ ਸੀ ।ਜਿਸ ਤੋਂ ਖ਼ਫ਼ਾ ਮੌਲਵੀ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ, ਹੁਣ ਜੇ ਜਾਨ ਬਚਾਉਣੀ ਹੈ ਤਾਂ ਇਸਲਾਮ ਧਾਰਨ ਕਰ ਲੈ ਪਰ ਭਾਈ ਸ਼ਾਹਬਾਜ਼ ਸਿੰਘ ਨੇ ਦੀਨ ਕਬੂਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਹੰਕਾਰੀ ਫਿਰਕਾਪ੍ਰਸਤ ਮੌਲਵੀ ਨੇ ਸ਼ਿਕਾਇਤ ਕਰਕੇ ਆਪਣੇ ਹੀ ਵਿਦਿਆਰਥੀ ਨੂੰ ਫਸਾਉਣ ਦਾ ਕੋਝਾ ਕਾਰਾ ਕੀਤਾ, ਜਿਸ ਦੀ ਤਫਤੀਸ਼ ਲਈ ਦੋਵੇਂ ਪਿਓ ਪੁੱਤਰ ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਏ। ਮੌਲਵੀ ਦੇ ਲਾਏ ਦੋਸ਼ਾਂ ਵਿਚ ਕੋਈ ਠੋਸ ਸਬੂਤ ਨਾ ਮਿਲਿਆ ਪਰ ਦੀਵਾਨ ਲੱਖਪਤ ਰਾਏ ਨੇ ਯਹੀਆ ਖ਼ਾਨ ਦੇ ਕੰਨ ਭਰ ਦਿੱਤੇ ਜਿਸ ਕਰਕੇ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ।
ਹੁਣ ਦੋਵੇਂ ਪਿਓ-ਪੁੱਤਾਂ ‘ਤੇ ਦੀਨ ਕਬੂਲ ਕਰਨ ਲਈ ਦਬਾਅ ਪਾਇਆ ਗਿਆ। ਭਾਈ ਸੁਬੇਗ ਸਿੰਘ ਨੇ ਕਿਹਾ, ਸੂਬੇਦਾਰ ਸਾਬ ਮੈਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਅੰਮ੍ਰਿਤਸਰ ਜਾ ਕੇ ਗੁਜਾਰਾ ਕਰ ਲਵਾਂਗਾ ਪਰ ਧਰਮ ਨਹੀ ਛੱਡਾਗਾਂ….ਇਹ ਸੁਣਦਿਆਂ ਹੀ ਲੱਖਪਤ ਰਾਏ ਨੇ ਨਫ਼ਰਤ ਦੀ ਬਲਦੀ ਅੱਗ ‘ਤੇ ਹੋਰ ਤੇਲ ਪਾਉਂਦਿਆਂ ਕਿਹਾ, ਖ਼ਾਨ ਬਹਾਦਰ, ਵੇਖੋ ਇਹ ਤੁਹਾਡੇ ਵਡੇਰਿਆਂ ਦਾ ਨਮਕ ਖਾ ਕੇ ਤੁਹਾਡਾ ਹੀ ਅਪਮਾਨ ਕਰ ਰਿਹਾ ਹੈ….ਜਿਸ ਭੜਕਾਹਟ ਤੋਂ ਬਾਅਦ ਯਹੀਆ ਖ਼ਾਨ ਗੁੱਸੇ ਵਿਚ ਆਇਆ ਕਹਿਣ ਲੱਗਾ, ਸੁਬੇਗ ਸਿੰਘ ਹੁਣ ਤੁਹਾਨੂੰ ਦੀਨ ਕਬੂਲ ਕਰਨਾ ਹੀ ਪਵੇਗਾ ਜਾਂ ਹੁਣ ਤਸੀਹੇ ਭੁਗਤਣ ਲਈ ਤਿਆਰ ਰਹੋ ।
ਕਚਹਿਰੀ ਦੀ ਸਮਾਪਤੀ ਤੋਂ ਬਾਅਦ ਲੱਖਪਤ ਰਾਏ ਕਹਿਣ ਲੱਗਾ, ਸੂਬੇਦਾਰ ਜੀ, ਇਹ ਉਹੀ ਤਾਰੂ ਸਿੰਘ ਦੇ ਸਿੱਖ ਭਰਾ ਹਨ ਜਿਸਨੇ ਆਪ ਜੀ ਦੇ ਪਿਤਾ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਜੀ ਦੇ ਸਿਰ ਤਾਰੂ ਸਿੰਘ ਜੀ ਜੁੱਤੀ ਲਿਆ ਕੇ ਸਿਰ ਵਿੱਚ ਮਾਰ-ਮਾਰ ਜਲੀਲ ਕੀਤਾ ਸੀ। ਮੈਂ ਤਾਂ ਕਹਿੰਨਾ ਇਨ੍ਹਾਂ ਤੋਂ ਉਹ ਵੀ ਬਦਲਾ ਲਿਆ ਜਾਵੇ। ਲੱਖਪਤ ਹਰ ਹਾਲਤ ਵਿਚ ਸੁਬੇਗ ਸਿੰਘ ਵਰਗੇ ਇਮਾਨਦਾਰ ਨੇਕ ਇਨਸਾਨ ਨੂੰ ਅਫ਼ਸਰੀ ਤੋਂ ਪਾਸੇ ਕਰਕੇ ਚੰਮ ਦੀਆਂ ਚਲਾਉਣਾ ਚਾਹੁੰਦਾ ਸੀ ਕਿਉਂਕਿ ਸੁਬੇਗ ਸਿੰਘ ਇਕ ਨੇਕਦਿਲ ਅਫ਼ਸਰ ਸੀ ਜੋ ਪ੍ਰਜਾ ਨਾਲ ਕੁਝ ਵੀ ਗ਼ਲਤ ਬਰਦਾਸ਼ਤ ਨਹੀਂ ਕਰਦਾ ਸੀ।
ਬਹੁਤ ਦਿਨ ਲਗਾਤਾਰ ਕਚਹਿਰੀ ਚਲਦੀ ਰਹੀ ਪਰ ਭਾਈ ਸੁਬੇਗ ਸਿੰਘ ,ਸ਼ਾਹਬਾਜ਼ ਸਿੰਘ ਸਿਦਕ ਤੋਂ ਨਾ ਡੋਲੇ। ਐਸੇ ਸਿਦਕਵਾਨ ਸਿੱਖ ਹਕੂਮਤੀ ਸਖਤੀਆਂ ਦੀ ਪ੍ਰਵਾਹ ਬਿਨਾਂ ਗੁਰੂ ਆਸਰੇ ਤਸੀਹੇ ਝੱਲਦੇ ਰਹੇ। ਜਦੋਂ ਅਖੀਰ ਤੱਕ ਨਾ ਮੰਨੇ ਤਾਂ ਪਿਤਾ/ਪੁੱਤ ਨੂੰ ਵੱਖਰੇ-ਵੱਖਰੇ ਕੈਦਖਾਨੇ ਵਿਚ ਪਾ ਕੇ ਮਨੋਵਿਗਿਆਨਕ ਢੰਗ ਨਾਲ ਮਨਾਉਣ ਦਾ ਯਤਨ ਕੀਤਾ ਗਿਆ। ਪਿਓ ਨੂੰ ਕਿਹਾ ਜਾਂਦਾ ਕਿ ਆਪਣੇ ਪੁੱਤ ‘ਤੇ ਤਰਸ ਕਰ ਜਿੱਦ ਛੱਡ…ਪੁੱਤ ਨੂੰ ਕਿਹਾ ਜਾਂਦਾ ਤੇਰਾ ਪਿਤਾ ਦੀਨ ਕਬੂਲ ਕਰਨ ਨੂੰ ਮੰਨ ਗਿਆ ਹੈ ਤੂੰ ਵੀ ਜਿੱਦ ਛੱਡ….ਪਰ ਦੋਵੇਂ ਪਿਓ ਪੁੱਤਰ ਸਿਦਕ ਤੋਂ ਨਾ ਹਾਰੇ ਅਖੀਰ ਯਹੀਆ ਖ਼ਾਨ ਨੇ ਕਾਜੀ ਤੋਂ ਫਤਵਾ ਲੈ ਕੇ ਦੋਵਾਂ ਧਰਮੀਆਂ ਨੂੰ ਚਰਖੜੀਆਂ ਤੇ ਚਾੜ੍ਹ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ।
ਤਵਾਰੀਖ਼ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਦੋਵੇਂ ਪਿਤਾ ਅਤੇ ਪੁੱਤਰ ਨੂੰ ਬਹੁਤ ਹੀ ਜਾਲਮਾਂਨਾ ਤਸੀਹੇ ਦਿੱਤੇ ਗਏ, ਕੋਰੜੇ ਮਾਰੇ ਗਏ,ਪੁੱਠਾ ਲਮਕਾਇਆ ਗਿਆ,ਜਮੂਰਾਂ ਨਾਲ ਮਾਸ ਨੋਚਿਆ ਗਿਆ। ਅਖ਼ੀਰ 25 ਮਾਰਚ 1746 ਨੂੰ ਚਰਖੜੀਆਂ ਤੇ ਚਾੜ੍ਹ ਸ਼ਹੀਦ ਕਰ ਦਿੱਤਾ ਗਿਆ। ਸਿੱਖੀ ਸਿਦਕ ਦੀ ਮੂਰਤਿ 18 ਸਾਲ ਦੇ ਭਾਈ ਸ਼ਾਹਬਾਜ ਸਿੰਘ ਅਤੇ ਪਿਤਾ ਭਾਈ ਸੁਬੇਗ ਸਿੰਘ ਅਖੀਰ ਤੱਕ ਏਹੀ ਮੁਖ ਚੋਂ ਅਲਾਪਦੇ ਸ਼ਹੀਦੀ ਪਾ ਗਏ ।
ਹਮ ਕਾਰਨਿ ਗੁਰਿ ਕੁਲਿ ਗਵਾਈ ਹਮ ਕੁਲ ਰਾਖਹਿ ਕੌਨ ਬਡਾਈ।