ਭਾਰਤ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਦੇਸ਼ ‘ਚ ਕੋਰੋਨਾ ਹੌਲੀ-ਹੌਲੀ ਖ਼ਤਮ ਹੁੰਦਾ ਨਜ਼ਰ ਆ ਰਿਹਾ ਸੀ ਪਰ ਮੌਸਮ ‘ਚ ਬਦਲਾਅ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ।
ਹਾਲ ਹੀ ਵਿੱਚ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁਹਾਲੀ ਸ਼ਹਿਰ ਵਿੱਚ ਇੱਕ 88 ਸਾਲ ਦੀ ਬਜ਼ੁਰਗ ਮਹਿਲਾ ਦੀ ਕੋਰੋਨਾ ਨਾਲ ਮੌਤ ਹੋ ਗਈ। ਪਿਛਲੇ 1 ਮਹੀਨੇ ਤੋਂ ਇਹ ਕੋਰੋਨਾ ਨਾਲ ਹੋਣ ਵਾਲੀ ਦੂਜੀ ਮੌਤ ਹੈ। ਬਜ਼ੁਰਗ ਮਹਿਲਾ ਨੇ GMSH-16 ਵਿੱਚ ਆਪਣਾ ਦਮ ਤੋੜ ਦਿੱਤਾ।
ਦੱਸ ਦੇਈਏ ਕਿ ਮਹਿਲਾ ਨੂੰ ਕੋਰੋਨਰੀ ਆਰਟਰੀ ਬਿਮਾਰੀ, ਸਾਹ ਲੈਣ ਵਿੱਚ ਤਕਲੀਫ਼, ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਬਿਮਾਰੀ ਸੀ। ਖਾਸ ਗੱਲ ਇਹ ਹੈ ਕਿ ਉਸ ਨੇ ਵੈਕਸੀਨ ਦੀਆਂ ਸਾਰੀਆਂ ਡੋਜ਼ਾਂ ਲਗਵਾਈਆਂ ਹੋਈਆਂ ਸਨ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ (Chandigarh Coronavirus case) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲ ਹੀ ਵਿੱਚ ਚੰਡੀਗੜ੍ਹ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਨਵੇਂ ਪਾਏ ਗਏ ਮਰੀਜ਼ਾਂ ਵਿੱਚ ਸਾਰੀਆਂ ਔਰਤਾਂ ਹੀ ਸ਼ਾਮਿਲ ਹਨ। ਹਰ 24 ਘੰਟੇ ਵਿੱਚ 329 ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਇਹ ਰਫ਼ਤਾਰ ਚਿੰਤਾਜਨਕ ਹੈ ਕਿਉਂਕਿ ਮੌਜੂਦਾ ਇਸ ਸਮੇਂ ਮੌਸਮ ਵਿੱਚ ਤਬਦੀਲੀ ਕਾਰਨ ਲੋਕਾਂ ਵਿੱਚ ਫਲੂ ਵੀ ਵੱਧ ਰਿਹਾ ਹੈ। ਅਜਿਹੇ ‘ਚ ਡਾਕਟਰਾਂ ਦਾ ਨਿਰਦੇਸ਼ ਹੈ ਕਿ ਖੰਘ, ਜ਼ੁਕਾਮ ਅਤੇ ਬੁਖਾਰ ਹੋਣ ‘ਤੇ ਡਾਕਟਰ ਦੀ ਸਲਾਹ ਜ਼ਰੂਰ ਲਓ। ਦੂਜੇ ਪਾਸੇ, ਪਿਛਲੇ ਸੱਤ ਦਿਨਾਂ ਵਿੱਚ ਕੁਆਰੰਟੀਨ ਦਾ ਸਮਾਂ ਪੂਰਾ ਕਰਨ ਵਾਲੇ ਤਿੰਨ ਮਰੀਜ਼ਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਤਿੰਨ ਮਰੀਜ਼ ਹਸਪਤਾਲਾਂ ਵਿੱਚ ਆਕਸੀਜਨ ਬੈੱਡਾਂ ‘ਤੇ ਦਾਖ਼ਲ ਹਨ।
ਬੀਤੇ ਦਿਨੀਂ ਭਾਰਤ ਵਿੱਚ 24 ਘੰਟਿਆਂ ਵਿੱਚ 1,805 ਨਵੇਂ ਮਰੀਜ਼ ਸਾਹਮਣੇ ਆਏ ਸਨ। ਦੂਜੇ ਪਾਸੇ ਜੇਕਰ ਦੁਨੀਆ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਪਿਛਲੇ 7 ਦਿਨਾਂ ‘ਚ ਦੁਨੀਆ ‘ਚ 6.57 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 4,338 ਲੋਕਾਂ ਦੀ ਮੌਤ ਹੋ ਚੱਕੀ ਹੈ।