ਸ਼ਿਓਪੁਰ- ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ’ਚ ਸਥਿਤ ਪਾਲਪੁਰ-ਕੁਨੋ ਰਾਸ਼ਟਰੀ ਪਾਰਕ ’ਚ ਛੱਡੀ ਗਈ 3 ਸਾਲਾਂ ਦੀ ਨਾਮੀਬੀਆਈ ਮਾਦਾ ਚੀਤਾ ‘ਸਿਯਾਯਾ’ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਭਾਰਤੀ ਧਰਤੀ ’ਤੇ ਸਾਲ 1947 ਤੋਂ ਬਾਅਦ ਪੈਦਾ ਹੋਏ ਚੀਤੇ ਦੇ ਪਹਿਲੇ 4 ਬੱਚੇ ਹਨ। 17 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਮੌਕੇ ਪਾਲਪੁਰ-ਕੁਨੋ ਰਾਸ਼ਟਰੀ ਪਾਰਕ ’ਚ ਨਾਮੀਬੀਆ ਤੋਂ ਲਿਆਂਦੇ ਗਏ 8 ਨਰ ਤੇ ਮਾਦਾ ਚੀਤਿਆਂ ਨੂੰ ਬਾੜੇ ’ਚ ਛੱਡਿਆ ਸੀ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਤੋਂ 12 ਨਰ ਤੇ ਮਾਦਾ ਚੀਤੇ ਲਿਆਂਦੇ ਗਏ। ਇਸ ਤੋਂ ਬਾਅਦ ਇਥੇ ਚੀਤਿਆਂ ਦੀ ਗਿਣਤੀ 20 ਹੋ ਗਈ ਸੀ। ਹਾਲਾਂਕਿ ਹਾਲ ਹੀ ’ਚ ਇਕ ਮਾਦਾ ਚੀਤਾ ਦੀ ਕਿਡਨੀ ’ਚ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ। ਨਵੇਂ ਬੱਚਿਆਂ ਦੇ ਜਨਮ ਨਾਲ ਕੁਨੋ ’ਚੀਤਿਆਂ ਦਾ ਪਰਿਵਾਰ ਵਧ ਗਿਆ ਹੈ।
PM ਮੋਦੀ ਬੋਲੇ-‘ਅਦਭੁੱਤ ਸਮਾਚਾਰ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮੀਬੀਆ ਤੋਂ ਭਾਰਤ ਲਿਆਂਦੇ ਗਏ ਚੀਤਿਆਂ ’ਚੋਂ ਇਕ ਮਾਦਾ ਚੀਤੇ ਵੱਲੋਂ 4 ਬੱਚਿਆਂ ਨੂੰ ਜਨਮ ਦੇਣ ’ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਅਦਭੁੱਤ ਸਮਾਚਾਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰੀ ਚੌਗਿਰਦਾ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪੇਂਦਰ ਯਾਦਵ ਦੇ ਟਵੀਟ ਨੂੰ ਸਾਂਝਾ ਕੀਤਾ। ਯਾਦਵ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਨਾਮੀਬੀਆ ਤੋਂ ਭਾਰਤ ਲਿਆਂਦੇ ਗਏ ਚੀਤਿਆਂ ’ਚੋਂ ਇਕ ਚੀਤੇ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ।
ਚੀਤੇ ਦੇ 4 ਬੱਚਿਆਂ ਦੇ ਜਨਮ ਨਾਲ ਦੇਸ਼ ਦੇ ‘ਚੀਤਾ ਪ੍ਰਾਜੈਕਟ’ ’ਚ ਇਕ ਵੱਡੀ ਸਫਲਤਾ
ਇਹ ਭਾਰਤ ਦੇ ਅੰਮ੍ਰਿਤਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ’ਚ ਸਾਲ 1947 ’ਚ ਸ਼ਿਕਾਰ ਕੀਤੇ ਗਏ ਆਖਰੀ ਚੀਤੇ ਤੋਂ ਬਾਅਦ ਭਾਰਤ ਦੀ ਧਰਤੀ ’ਤੇ 4 ਬੱਚਿਆਂ ਦਾ ਜਨਮ ਯਕੀਨਨ ਹੀ ਵਾਈਲਡ ਲਾਈਫ ਪ੍ਰੇਮੀਆਂ ਅਤੇ ਸਰਕਾਰ ਦੇ ਇਸ ਪ੍ਰਾਜੈਕਟ ਲਈ ਬਹੁਤ ਵੱਡੀ ਖੁਸ਼ਖਬਰੀ ਹੈ।