ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ DGP ਸੁਮੇਧ ਸੈਣੀ ਨੂੰ ਮਿਲੀ ਜ਼ਮਾਨਤ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅੱਜ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ ਅਤੇ ਕੋਟਕਪੂਰਾ ਗੋਲੀਬਾਰੀ ਨਾਲ ਸਬੰਧਤ ਦੋ ਮਾਮਲਿਆਂ ਵਿੱਚ 5-5 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ। ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਐਡਵੋਕੇਟ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 5 ਮੁਲਜ਼ਮਾਂ ਵੱਲੋਂ ਜ਼ਮਾਨਤ ਲਈ ਜਾ ਚੁੱਕੀ ਹੈ ਜਦੋਂ ਕਿ ਇਕ ਮੁਲਜ਼ਮ ਸਾਬਕਾ ਡੀਆਈਜੀ ਅਮਰਜੀਤ ਸਿੰਘ ਚਹਿਲ ਦੀ ਜ਼ਮਾਨਤ ਰਹਿ ਗਈ ਹੈ। ਉਨ੍ਹਾਂ ਨੇ ਵੀ ਜ਼ਮਾਨਤ ਲਈ ਅਰਜ਼ੀ ਹਾਈਕੋਰਟ ਵਿਚ ਲਗਾਈ ਹੈ।

ਉਨ੍ਹਾਂ ਦੱਸਿਆ ਕਿ ਇਲਾਕਾ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ 5 ਲੱਖ ਦਾ ਮੁਚਲਕਾ ਤੇ ਜ਼ਮਾਨਤ ਭਰ ਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਦੀ ਜ਼ਮਾਨਤ ਰਿਲੀਜ਼ ਕਰ ਦਿੱਤੀ ਹੈ। ਇਸ ਦੌਰਾਨ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤਿੰਨ ਘੰਟੇ ਅਦਾਲਤ ਵਿਚ ਰਹੇ। ਉਨ੍ਹਾਂ ਦੱਸਿਆ ਕਿ ਸਿਟ 27 ਅਪ੍ਰੈਲ ਤੱਕ ਮਾਮਲੇ ਨੂੰ ਸੈਸ਼ਨ ਕੋਰਟ ਵਿਚ ਜਾਣਾ ਚਾਹ ਰਹੇ ਹਨ। ਹਾਈਕੋਰਟ ਦਾ ਹੁਕਮ ਹੈ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਕੇਸ ਇਕ ਹੀ ਅਦਾਲਤ ਵਿਚ ਚੱਲਣੇ ਹਨ। ਪਹਿਲਾਂ ਹੀ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਸੈਸ਼ਨ ਕੋਰਟ ਵਿਚ ਚੱਲ ਰਿਹਾ ਹੈ। ਅਜਿਹੇ ਵਿਚ ਕੋਟਕਪੂਰਾ ਗੋਲੀਕਾਂਡ ਦਾ ਮਾਮਲਾ ਵੀ ਸੈਸ਼ਨ ਕੋਰਟ ਵਿਚ ਜਾਣਾ ਤੈਅ ਹੈ।

ਦੱਸ ਦੇਈਏ ਕਿ 12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਬਾਅਦ ਸਿੱਖ ਸੰਗਠਨਾਂ ਨੇ ਕੋਟਕਪੂਰਾ ਤੇ ਬਹਿਬਲਕਲਾਂ ਵਿਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। 14 ਅਕਤੂਬਰ ਨੂੰ ਕੋਟਕਪੂਰਾ ਤੇ ਬਹਿਬਲਕਲਾਂ ਵਿਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਪੁਲਿਸ ਨੇ ਬਲ ਦੇ ਇਸਤੇਮਾਲ ਨਾਲ ਖਤਮ ਕਰਵਾਇਆ ਸੀ। ਬਹਿਬਲਕਲਾਂ ਵਿਚ ਪੁਲਿਸ ਦੀ ਫਾਇਰਿੰਗ ਵਿਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਲਗਭਗ 100 ਪ੍ਰਦਰਸ਼ਨਕਾਰੀ ਜ਼ਖਮੀ ਹੋਏ ਸਨ। 7 ਅਗਸਤ 2018 ਨੂੰ ਪੁਲਿਸ ਨੇ ਅਣਪਛਾਤੇ ਲੋਕਾਂ ‘ਤੇ ਇਰਾਦਾ-ਏ-ਕਤਲ ਦਾ ਕੇਸ ਦਰਜ ਕੀਤਾ ਸੀ।