04/27/2024 10:04 PM

ਜਾਣੋ ਕਦੋ ਆਏਗਾ ਕਿਸਾਨਾਂ ਦੇ ਖਾਤਿਆਂ ‘ਚ ਮੁਆਵਜ਼ਾ

ਪੰਜਾਬ ਸਰਕਾਰ ਬਾਰਸ਼ ਤੇ ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਵਿਸਾਖੀ ਤੱਕ ਦੇਣ ਲਈ ਲਈ ਪੱਬਾਂ ਭਾਰ ਹੈ। ਇਸ ਲਈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਖੁਦ ਖੇਤਾਂ ਵਿੱਚ ਜਾ ਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ, ਉੱਥੇ ਹੀ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਸ ਬਾਰੇ ਵਧੀਕ ਮੁੱਖ ਸਕੱਤਰ (ਮਾਲ) ਕੇਏਪੀ ਸਿਨ੍ਹਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਫ਼ਸਲੀ ਨੁਕਸਾਨ ਦੀ ਅਸੈਸਮੈਂਟ ਲਈ ਨਵੀਂ ਤਕਨੀਕ ਅਪਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਿਸਾਖੀ ਤੱਕ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਤੇ ਸਰਕਾਰ ਕੋਲ ਮੁਆਵਜ਼ੇ ਲਈ ਸੂਬਾਈ ਆਫ਼ਤ ਰਾਹਤ ਫ਼ੰਡ ਮੌਜੂਦ ਹਨ। 25 ਫ਼ੀਸਦੀ ਵਾਧੇ ਵਾਲੀ ਰਾਸ਼ੀ ਵੀ ਇਸ ਫ਼ੰਡ ਵਿੱਚ ਸਰਕਾਰ ਜਮ੍ਹਾਂ ਕਰਾਏਗੀ।

ਉਂਝ ਕਈ ਇਲਾਕਿਆਂ ਵਿੱਚ ਗਿਰਦਾਵਰੀ ਦੀ ਚਾਲ ਬਹੁਤ ਮੱਠੀ ਹੈ। ਪੰਜਾਬ ਸਰਕਾਰ ਵੱਲੋਂ ਫ਼ਸਲੀ ਨੁਕਸਾਨ ਦਾ ਛੇਤੀ ਮੁਲਾਂਕਣ ਕਰਨ ਲਈ ਤਕਨਾਲੋਜੀ ਆਧਾਰਤ ‘ਈ-ਗਿਰਦਾਵਰੀ ਪ੍ਰਣਾਲੀ’ ਦੀ ਵਰਤੋਂ ਲਈ ਕਿਹਾ ਗਿਆ ਹੈ ਪਰ ਇਹ ਪ੍ਰਣਾਲੀ ਵਿੱਚ ਕਈ ਤਰੁੱਟੀਆਂ ਹਨ। ਨਤੀਜੇ ਵਜੋਂ ਮਾਲ ਪਟਵਾਰੀ ਮੈਨੂਅਲੀ ਹੀ ਗਿਰਦਾਵਰੀ ਕਰ ਰਹੇ ਹਨ।

ਇਸ ਬਾਰੇ ਰੈਵੇਨਿਊ ਪਟਵਾਰ ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਪਟਵਾਰੀ ਹੁਣ ਮੈਨੂਅਲੀ ਹੀ ਗਿਰਦਾਵਰੀ ਕਰ ਰਹੇ ਹਨ ਕਿਉਂਕਿ ਈ ਗਿਰਦਾਵਰੀ ਪ੍ਰਣਾਲੀ ਹਾਲੇ ਅੱਪ ਟੂ ਡੇਟ ਨਹੀਂ। ਪਟਵਾਰੀਆਂ ਨੂੰ ਮੋਬਾਈਲ ਡੇਟਾ ਲਈ ਕੋਈ ਵਿੱਤੀ ਭੱਤਾ ਨਹੀਂ ਦਿੱਤਾ ਜਾਂਦਾ ਤੇ ਕੁਨੈਕਟੀਵਿਟੀ ਦੀ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਈ ਗਿਰਦਾਵਰੀ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਸੁਧਾਰ ਕਰੇ।

ਉਧਰ, ਵੱਡੀ ਸਮੱਸਿਆ ਇਹ ਵੀ ਹੈ ਕਿ ਪਟਵਾਰੀਆਂ ਦੀ ਕਾਫੀ ਆਸਾਮੀਆਂ ਖਾਲੀ ਹਨ ਜਿਸ ਕਰਕੇ ਕੰਮ ਮੱਠਾ ਹੈ। ਇਸ ਵੇਲੇ ਪੰਜਾਬ ਵਿੱਚ 3660 ਅਸਾਮੀਆਂ ਦੇ ਮੁਕਾਬਲੇ ਫ਼ੀਲਡ ਵਿੱਚ 1700 ਪਟਵਾਰੀ ਕੰਮ ਕਰ ਰਹੇ ਹਨ। ਉਂਝ ਇੱਕ ਹਜ਼ਾਰ ਪਟਵਾਰੀ ਆਪਣੀ ਸਿਖਲਾਈ ਪੂਰੀ ਕਰਕੇ ਡਿਊਟੀ ਜੁਆਇਨ ਕਰ ਰਹੇ ਹਨ। ਸਰਕਾਰ ਵੱਲੋਂ 710 ਹੋਰ ਅਸਾਮੀਆਂ ਜਲਦ ਭਰੀਆਂ ਜਾ ਰਹੀਆਂ ਹਨ।