05/15/2024 11:30 PM

ਮਰੀਜ਼ਾਂ ਲਈ ਵੱਡੀ ਰਾਹਤ

Essential Medicines Price ਕਈ ਇਲਾਜਾਂ ਵਿੱਚ ਵਰਤੀਆਂ ਜਾਣ ਵਾਲੀਆਂ 651 ਜ਼ਰੂਰੀ ਦਵਾਈਆਂ ਦੇ ਰੇਟ ਘਟ ਗਏ ਹਨ। ਇਹ ਰੇਟ ਤਕਰੀਬਨ 7 ਫੀਸਦੀ ਘਟੇ ਹਨ। ਇਸ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਨ੍ਹਾਂ ਦਵਾਈਆਂ ਦੀ ਸਭ ਤੋਂ ਜ਼ਿਆਦ਼ਾ ਖਪਤ ਹੁੰਦੀ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਨੇ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ (ਐਨਐਲਈਐਮ) ਵਿੱਚ ਸ਼ਾਮਲ ਜ਼ਿਆਦਾਤਰ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਸੀਮਾ ਤੈਅ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਅਪਰੈਲ ਤੋਂ 651 ਦਵਾਈਆਂ ਦੀਆਂ ਕੀਮਤਾਂ ਔਸਤਨ 6.73 ਫ਼ੀਸਦੀ ਘਟ ਗਈਆਂ ਹਨ।

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਇਸਿੰਗ ਅਥਾਰਿਟੀ (ਐਨਪੀਪੀਏ) ਨੇ ਅੱਜ ਟਵੀਟ ਜ਼ਰੀਏ ਦਵਾਈਆਂ ਦੀ ਸੂਚੀ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਐਨਪੀਪੀਏ ਨੇ ਕਿਹਾ ਕਿ ਸਰਕਾਰ ਐਨਐਲਈਐਮ ਵਿੱਚ ਸੂਚੀਬੱਧ ਕੁੱਲ 870 ਦਵਾਈਆਂ ਵਿੱਚੋਂ ਹੁਣ ਤੱਕ 651 ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਸਕੀ ਹੈ।

ਸਿਹਤ ਮੰਤਰਾਲੇ ਨੇ ਐਨਐਲਈਐਮ ਵਿੱਚ ਸਤੰਬਰ, 2022 ’ਚ ਸੋਧ ਕੀਤੀ ਸੀ ਅਤੇ ਹੁਣ ਇਸ ਦੇ ਦਾਇਰੇ ਵਿੱਚ ਕੁੱਲ 870 ਦਵਾਈਆਂ ਆਉਂਦੀਆਂ ਹਨ। ਐੱਨਪੀਪੀਏ ਅਨੁਸਾਰ 651 ਜ਼ਰੂਰੀ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰਨ ਨਾਲ ਇਸ ਦੀ ਔਸਤਨ ਕੀਮਤ 16.62 ਫ਼ੀਸਦੀ ਘੱਟ ਹੋ ਚੁੱਕੀ ਹੈ।

ਉਨ੍ਹਾਂ ਬਿਆਨ ਵਿੱਚ ਕਿਹਾ, ‘‘ਇਸ ਦੇ ਚੱਲਦਿਆਂ ਜਿਨ੍ਹਾਂ 651 ਦਵਾਈਆਂ ਦੀਆਂ ਕੀਮਤਾਂ 12.12 ਫ਼ੀਸਦੀ ਵਧਣ ਵਾਲੀਆਂ ਸੀ, ਉਨ੍ਹਾਂ ਵਿੱਚ ਇੱਕ ਅਪਰੈਲ ਤੋਂ 6.73 ਫ਼ੀਸਦੀ ਕਮੀ ਆਈ ਹੈ।’’ ਉਨ੍ਹਾਂ ਕਿਹਾ ਕਿ ਥੋਕ ਕੀਮਤ ਸੂਚਕ ਅੰਕ (ਡਬਲਿਊਪੀਆਈ) ਦੇ ਆਧਾਰ ’ਤੇ ਦਵਾਈਆਂ ਦੀਆਂ ਕੀਮਤਾਂ ਵਿੱਚ 12.12 ਫ਼ੀਸਦ ਵਾਧੇ ਦੇ ਬਾਵਜੂਦ ਉਪਭੋਗਤਾਵਾਂ ਨੂੰ ਕੀਮਤਾਂ ਵਿੱਚ ਗਿਰਾਵਟ ਦਾ ਲਾਭ ਮਿਲੇਗਾ। ਐਨਪੀਪੀਏ ਨੇ 25 ਮਾਰਚ ਨੂੰ ਕਿਹਾ ਸੀ ਕਿ 2022 ਲਈ ਡਬਲਿਊਯੂਪੀਆਈ ਵਿੱਚ ਸਾਲਾਨਾ ਬਦਲਾਅ 12.12 ਫ਼ੀਸਦੀ ਹੈ।