05/01/2024 9:55 PM

ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, SOP ਕਰੇਗੀ ਤਿਆਰ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਪੱਤਰਕਾਰਾਂ ਦੀ ਸੁਰੱਖਿਆ ਲਈ SOP ਤਿਆਰ ਕੀਤਾ ਜਾਵੇਗਾ ਕਿਉਂਕਿ ਪੁਲਿਸ ਹਿਰਾਸਤ ‘ਚ ਅਤੀਕ ਅਹਿਮਦ ‘ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨ ਮੀਡੀਆ ਕਰਮੀਆਂ ਦੇ ਰੂਪ ‘ਚ ਭੀੜ ‘ਚ ਸ਼ਾਮਲ ਹੋਏ ਸਨ। ਇਹ ਕਦਮ ਪੱਤਰਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਚੁੱਕਿਆ ਜਾ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ PM ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਗ੍ਰਹਿ ਮੰਤਰਾਲਾ (MHA) ਪੱਤਰਕਾਰਾਂ ਦੀ ਸੁਰੱਖਿਆ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (SOP) ਤਿਆਰ ਕਰਨ ਜਾ ਰਿਹਾ ਹੈ। ਉਮੇਸ਼ ਪਾਲ ਕਤਲ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਲਏ ਗਏ ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੀ ਸ਼ਨੀਵਾਰ ਦੇਰ ਰਾਤ ਕੈਲਵਿਨ ਹਸਪਤਾਲ ਨੇੜੇ ਹੱਤਿਆ ਕਰ ਦਿੱਤੀ ਗਈ ਸੀ।

ਦੋਵਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਅਣਪਛਾਤੇ ਵਾਹਨਾਂ ‘ਚ ਆਏ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। FIR ਮੁਤਾਬਕ ਮੁਲਜ਼ਮਾਂ ਨੇ ਕਿਹਾ ਕਿ ਉਹ ਅਤੀਕ-ਅਸ਼ਰਫ਼ ਗੈਂਗ ਦਾ ਸਫਾਇਆ ਕਰਨਾ ਚਾਹੁੰਦੇ ਸਨ, ਤਾਂ ਜੋ ਸੂਬੇ ਵਿੱਚ ਉਨ੍ਹਾਂ ਦਾ ਨਾਂ ਹੋਵੇ। ਉਹ ਲੋਕ ਪੁਲਿਸ ਦੀ ਘੇਰਾਬੰਦੀ ਦਾ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਪੁਲਿਸ ਦੀ ਤਿੱਖੀ ਕਾਰਵਾਈ ਕਰਕੇ ਫੜੇ ਗਏ।

ਦੱਸ ਦੇਈਏ ਕਿ ਇਸ ਸਮੇਂ ਪ੍ਰਯਾਗਰਾਜ ਦੀਆਂ ਸੜਕਾਂ ‘ਤੇ ਥਾਂ-ਥਾਂ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪੁਲਿਸ ਦੇ ਨਾਲ RAF ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਹਰ ਕਾਰਵਾਈ ‘ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਨੂੰ CM ਯੋਗੀ ਤੋਂ ਸਖ਼ਤ ਨਿਗਰਾਨੀ ਦੇ ਨਿਰਦੇਸ਼ ਮਿਲੇ ਹਨ। ਬੀਤੀ ਦੇਰ ਰਾਤ ਤੱਕ ਸੂਬੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਸੀ।