ਲੁਧਿਆਣਾ : ਪੰਜਾਬ ‘ਚ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਅਤੇ ਹਰ ਕੋਈ ਗਰਮੀ ਕਾਰਨ ਪਰੇਸ਼ਾਨ ਦਿਖ ਰਿਹਾ ਹੈ। ਬੀਤੇ ਦਿਨ ਤਾਪਮਾਨ ’ਚ ਭਾਵੇਂ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਗਰਮੀ ਨੇ ਆਪਣਾ ਜ਼ੋਰ ਦਿਖਾਇਆ। ਪੰਜਾਬ ਦੇ ਕੁੱਝ ਇਲਾਕਿਆਂ ’ਚ ਮੱਧਮ ਹਵਾਵਾਂ ਚੱਲੀਆਂ ਪਰ ਬਾਵਜੂਦ ਇਸ ਦੇ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਬਠਿੰਡਾ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਦਾ ਤਾਪਮਾਨ ਸਭ ਤੋਂ ਵੱਧ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ 17.6 ਡਿਗਰੀ ਸੈਲਸੀਅਸ ਫਤਿਹਗੜ੍ਹ ਸਾਹਿਬ ਦਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ’ਚ ਬੀਤੇ ਦਿਨ ਦੇ ਮੁਕਾਬਲੇ 0.8 ਡਿਗਰੀ ਸੈਲਸੀਅਸ ਦਾ ਵਾਧਾ ਰਿਹਾ, ਜੋ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਰਿਹਾ।
ਬੀਤੇ ਦਿਨ ਮਾਝਾ, ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ’ਚ ਗਰਮੀ ਦੀ ਲਹਿਰ (ਹੀਟ ਵੇਵ) ਚੱਲੀ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਡ ਦਾ ਤਾਪਮਾਨ 43.1 ਡਿਗਰੀ ਸੈਲਸੀਅਸ, ਜੋ ਹੁਣ ਤੱਕ ਸਭ ਤੋ ਵੱਧ ਰਿਹਾ ਹੈ ਦਰਜ ਕੀਤਾ ਗਿਆ। ਹਰਿਆਣਾ ਦੇ ਹਿਸਾਰ, ਸਿਰਸਾ, ਫਰੀਦਾਬਾਦ ਅਤੇ ਜੀਂਦ ਜ਼ਿਲ੍ਹੇ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਪੰਜਾਬ ਦੇ 9 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਸੂਬੇ ਅੰਦਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮੀ ਦੇ ਕਹਿਰ ਕਾਰਨ ਸੜਕਾਂ ਅਤੇ ਬਾਜ਼ਾਰਾਂ ‘ਚ ਦੁਪਹਿਰ ਦੇ ਵੇਲੇ ਸੁੰਨ ਛਾ ਜਾਂਦੀ ਹੈ।
ਸਬਜ਼ੀ ਮੰਡੀ ‘ਚ ਪੱਸਰਿਆ ਸੰਨਾਟਾ
ਮਹਾਨਗਰ ’ਚ ਗਰਮੀ ਦੇ ਲਗਾਤਾਰ ਵਧਦੇ ਕਹਿਰ ਕਾਰਨ ਹੋਲਸੇਲ ਸਬਜ਼ੀ ਮੰਡੀ ’ਚ ਗਾਹਕਾਂ ਦੇ ਨਾਮਾਤਰ ਆਉਣ ਕਾਰਨ ਸੰਨਾਟਾ ਪਸਰਣ ਲੱਗਾ ਹੈ। ਸਰਦੀਆਂ ਦੇ ਦਿਨਾਂ ’ਚ ਖ਼ਰੀਦਦਾਰਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਰਹਿਣ ਵਾਲੀ ਸਬਜ਼ੀ ਮੰਡੀ ਹੁਣ ਦੁਪਹਿਰ ਸਮੇਂ ਪੂਰੀ ਤਰ੍ਹਾਂ ਨਾਲ ਵੀਰਾਨ ਪੈਣ ਲੱਗੀ ਹੈ। ਇਸ ਤਰ੍ਹਾਂ ਜਿੱਥੇ ਹੋਲਸੇਲ ਸਬਜ਼ੀ ਮੰਡੀ ’ਚ ਸਵੇਰੇ 9 ਵਜੇ ਤੋਂ ਬਾਅਦ ਕੰਮ-ਕਾਜ਼ ਦੀ ਗਤੀ ਰੁਕ ਜਾਂਦੀ ਹੈ, ਉੱਥੇ ਰਿਟੇਲ ਮੰਡੀ ’ਚ ਦੁਪਹਿਰ 12 ਵਜੇ ਤੋਂ ਬਾਅਦ ਖ਼ਰੀਦਦਾਰ ਲੱਭਣ ’ਤੇ ਵੀ ਨਹੀਂ ਮਿਲ ਰਿਹਾ।