ਰੂਪਨਗਰ ਦੇ ਰਹਿਣ ਵਾਲੇ ਇਕ ਜੋੜੇ ਨਾਲ ਜੋ ਭਾਣਾ ਵਾਪਰਿਆ, ਉਨ੍ਹਾਂ ਨੇ ਕਦੇ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੋਣਾ। ਅਸਲ ‘ਚ ਇਸ ਜੋੜੇ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਹਸਪਤਾਲ ਸਟਾਫ਼ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋ ਗਈ। ਰੂਪਨਗਰ ਨਿਵਾਸੀ ਅਜੇ ਨੇ ਮੋਹਾਲੀ ਸਿਵਲ ਹਸਪਤਾਲ ‘ਚ ਤਾਇਨਾਤ ਸਟਾਫ਼ ’ਤੇ ਗੰਭੀਰ ਦੋਸ਼ ਲਾਏ ਹਨ। ਅਜੇ ਅਨੁਸਾਰ ਗਰਭਵਤੀ ਪਤਨੀ ਦੀ ਦੇਖਭਾਲ ‘ਚ ਲਾਪਰਵਾਹੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ। ਅਜੇ ਨੇ ਇਸ ਸਬੰਧੀ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ‘ਚ ਅਜੇ ਨੇ ਦੱਸਿਆ ਕਿ 16 ਅਪ੍ਰੈਲ ਨੂੰ ਗਰਭਵਤੀ ਪਤਨੀ ਗੀਤਾ ਨੂੰ ਲੈ ਕੇ ਉਹ ਰੂਪਨਗਰ ਦੇ ਸਰਕਾਰੀ ਹਸਪਤਾਲ ਗਿਆ ਸੀ। ਪਤਨੀ ਦੀ ਹਾਲਤ ਵਿਗੜਦੀ ਵੇਖ ਕੇ ਮੋਹਾਲੀ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਇਸ ਤੋਂ ਬਾਅਦ 18 ਅਪ੍ਰੈਲ ਦੀ ਰਾਤ 10.30 ਵਜੇ ਸਿਵਲ ਹਸਪਤਾਲ ਪਹੁੰਚਿਆ। ਇੱਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਰਾਤ ਤੱਕ ਨਾਰਮਲ ਡਲਿਵਰੀ ਹੋ ਜਾਵੇਗੀ ਪਰ ਪਤਨੀ ਦੀ ਹਾਲਤ ਲਗਾਤਾਰ ਵਿਗੜਦੀ ਰਹੀ।
ਇਸ ’ਤੇ ਡਾਕਟਰਾਂ ਨੇ ਕਿਹਾ ਕਿ ਨਾਰਮਲ ਡਲਿਵਰੀ ਨਹੀਂ ਹੋਵੇਗੀ ਅਤੇ ਇਲਾਜ ਨਾਲ ਸਬੰਧਿਤ ਦਸਤਾਵੇਜ਼ਾਂ ’ਤੇ ਸਾਈਨ ਕਰਵਾ ਲਏ। ਬਾਵਜੂਦ ਇਸ ਦੇ ਆਪਰੇਸ਼ਨ ਨਹੀਂ ਕੀਤਾ, ਜਿਸ ਕਾਰਨ ਬੱਚੇ ਦੀ ਜਾਨ ਚਲੀ ਗਈ। ਇਸ ਬਾਰੇ ਮੋਹਾਲੀ ਸਿਵਲ ਹਸਪਤਾਲ ਦੇ ਸਿਵਲ ਸਰਜਨ ਰੁਪਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਔਰਤ ਦੇ ਦਾਖ਼ਲ ਅਤੇ ਇਲਾਜ ਨਾਲ ਸਬੰਧਿਤ ਫਾਈਲ ਨੂੰ ਚੈੱਕ ਕਰ ਲਿਆ ਗਿਆ ਹੈ। ਫਾਈਲ ਅਤੇ ਇਲਾਜ ਦੋਵੇਂ ਹੀ ਬੀ. ਆਰ. ਅੰਬੇਡਕਰ ਮੈਡੀਕਲ ਕਾਲਜ ਵਲੋਂ ਕੀਤੇ ਗਏ ਹਨ। ਇਸ ਲਈ ਮੈਡੀਕਲ ਕਾਲਜ ਵਲੋਂ ਜਾਂਚ ਕਰਨ ਲਈ ਛੇਤੀ ਬੋਰਡ ਬਣਾਇਆ ਜਾਵੇਗਾ। ਸਾਰੀਆਂ ਸ਼ਰਤਾਂ ਪੂਰੀਆਂ ਕਰ ਕੇ ਕੇਸ ਫਾਈਲ ਮੈਡੀਕਲ ਕਾਲਜ ਭੇਜ ਦਿੱਤੀ ਗਈ ਹੈ।