Kedarnath – ਗਿਆਰ੍ਹਵੇਂ ਜਿਓਤਿਰਲਿੰਗ ਕੇਦਾਰਨਾਥ ਦੇ ਕਿਵਾੜ 25 ਅਪ੍ਰੈਲ ਯਾਨੀ ਅੱਜ ਖੋਲ੍ਹ ਦਿੱਤੇ ਗਏ ਹਨ। ਇਸ ਲਈ ਭਗਵਾਨ ਕੇਦਾਰਨਾਥ ਮੰਦਰ ਨੂੰ 35 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਸੋਮਵਾਰ ਭਗਵਾਨ ਕੇਦਾਰਨਾਥ ਦੀ ਸੋਨੇ ਨਾਲ ਜੜੀ ਪੰਚਮੁਖੀ ਚਲ ਵਿਗ੍ਰਹ ਉਤਸਵ ਡੋਲੀ ਕੇਦਾਰਪੁਰੀ ਪਹੁੰਚੀ। ਕੇਦਾਰਨਾਥ ਦੇ ਪੁਜਾਰੀ ਨੇ ਦੱਸਿਆ ਕਿ ਸਵੇਰੇ ਲਗਭਗ 6.20 ਵਜੇ ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹੇ ਗਏ।
ਮੰਦਰ ਦੇ ਕਿਵਾੜ ਖੋਲ੍ਹਣ ਤੋਂ ਬਾਅਦ ਬਾਬਾ ਦੀ ਪਹਿਲੀ ਪੂਜਾ ਕੀਤੀ ਗਈ। ਇਸ ਦੌਰਾਨ ਢੋਲ-ਨਗਾੜਿਆਂ ਦੀ ਧੁੰਨ ‘ਤੇ ਭਗਤ ਭਗਵਾਨ ਸ਼ਿਵ ਦੀ ਭਗਤੀ ‘ਚ ਡੁੱਬੇ ਨਜ਼ਰ ਆਏ। 27 ਅਪ੍ਰੈਲ ਨੂੰ ਖੋਲ੍ਹੇ ਜਾਣ ਵਾਲੇ ਚੌਥੇ ਧਾਮ ਬਦਰੀਨਾਥ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਚਾਰ ਧਾਮਾਂ ਵਿਚ ਰੋਜ਼ਾਨਾ ਗਿਣਤੀ ਦੀ ਹਦ ਖ਼ਤਮ ਕਰ ਦਿੱਤੀ ਗਈ ਹੈ। ਸ਼ਰਧਾਲੂ ਆਪਣੀ ਸਹੂਲਤ ਅਨੁਸਾਰ ਰਜਿਸਟਰੇਸ਼ਨ ਕਰ ਸਕਦੇ ਹਨ। ਫਿਲਹਾਲ ਮੌਸਮ ਨੂੰ ਦੇਖਦੇ ਹੋਏ ਕੇਦਾਰਨਾਥ ਦੀ ਰਜਿਸਟਰੇਸ਼ਨ 30 ਅਪ੍ਰੈਲ ਤੱਕ ਬੰਦ ਕਰ ਦਿੱਤੀ ਗਈ ਹੈ। ਹਜ਼ਾਰਾਂ ਸ਼ਰਧਾਲੂ ਸੋਮਵਾਰ ਰਾਤ ਤਕ ਕੇਦਾਰਨਾਥ ਧਾਮ ਪਹੁੰਚ ਚੁੱਕੇ ਸਨ।