ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਸ਼੍ਰੀਨਗਰ-ਲੇਹ ਰਾਜ ਮਾਰਗ ’ਤੇ 8 ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋਣ ਨਾਲ ਸੋਮਵਾਰ ਨੂੰ ਜੋਜਿਲਾ ਦੱਰੇ ’ਤੇ ਬਰਫ਼ ਦੇ ਤੋਦੇ ਡਿਗੇ। ਟ੍ਰੈਫਿਕ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਟ੍ਰੈਫਿਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਦੇਸ਼ ’ਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ 17 ਅਪ੍ਰੈਲ ਤੋਂ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦਰਮਿਆਨ, ਇੱਥੇ ਬਰਫ਼ ਦੇ ਤੋਦੇ ਡਿਗਣ ਨਾਲ ਰਾਜ ਮਾਰਗ ’ਤੇ ਕਈ ਵਾਹਨ ਦੱਬੇ ਗਏ। ਫਿਲਹਾਲ, ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਫਸੇ ਲੋਕਾਂ ਨੂੰ ਬਚਾ ਲਿਆ ਗਿਆ। ਇਸ ਸਾਲ 16 ਮਾਰਚ ਨੂੰ ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੇ 422 ਕਿ. ਮੀ. ਲੰਮੇ ਸ਼੍ਰੀਨਗਰ-ਕਾਰਗਿਲ-ਲੇਹ ਰਾਜ ਮਾਰਗ ਨੂੰ ਆਪਣੇ ਨਿਰਧਾਰਤ ਸਮਾਂ ਤੋਂ ਪਹਿਲਾਂ ਖੋਲ੍ਹ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਫਿਰ ਤੋਂ ਇੱਥੇ ਬਰਫ਼ ਦੇ ਤੋਦੇ ਡਿਗਣ ਕਾਰਨ ਸੜਕ ਬੰਦ ਹੋ ਗਈ।
ਅਧਿਕਾਰੀ ਨੇ ਕਿਹਾ, ‘‘ਬੀ. ਆਰ. ਓ. ਦੇ ਕਰਮਚਾਰੀ ਅਤੇ ਮਸ਼ੀਨਾਂ ਸੜਕ ਤੋਂ ਬਰਫ ਨੂੰ ਹਟਾਉਣ ਦੇ ਕਾਰਜ ’ਚ ਜੁਟੀਆਂ ਹਨ।’’ ਕਾਰਗਿਲ ਪੁਲਸ ਨੇ ਟਵੀਟ ਕੀਤਾ, ‘‘ਬਰਫ਼ ਦੇ ਤੋਦੇ ਡਿਗਣ ਕਾਰਨ ਸੜਕ ’ਤੇ ਬਰਫ਼ ਜਮ੍ਹਾ ਹੋ ਗਈ, ਜਿਸ ਕਾਰਨ 24 ਅਪ੍ਰੈਲ ਨੂੰ ਰਾਜ ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜੋਜਿਲਾ ਦੱਰੇ ’ਤੇ ਕਈ ਵਾਹਨ ਅਜੇ ਵੀ ਫਸੇ ਹੋਏ ਹਨ।