ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ‘ਸਾਕਸ਼ਾਤ ਭੂ ਬੈਕੁੰਠ’ ਆਖੇ ਜਾਣ ਵਾਲੇ ਬਦਰੀਨਾਥ ਧਾਮ ਦੇ ਕਿਵਾੜ ਅੱਜ ਸਵੇਰੇ 7 ਵਜ ਕੇ 10 ਮਿੰਟ ‘ਤੇ ਵੈਦਿਕ ਮੰਤਰ ਉੱਚਾਰਨ ਨਾਲ ਖੁੱਲ੍ਹ ਗਏ ਹਨ। ਹਰ ਸਾਲ ਵਾਂਗ ਇਸ ਸਾਲ ਵੀ ਪਹਿਲੀ ਪੂਜਾ ਅਤੇ ਆਰਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੋਂ ਹੋਈ। ਇਸ ਮੌਕੇ ਹਜ਼ਾਰਾਂ ਸੰਤ ਮਹਾਤਮਾ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਵੱਡੀ ਗਿਣਤੀ ‘ਚ ਸ਼ਰਧਾਲੂ ਭਗਵਾਨ ਬਦਰੀ ਵਿਸ਼ਾਲ ਦੀ ਇਕ ਝਲਕ ਪਾਉਣ ਲਈ ਲਾਈਨਾਂ ‘ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
ਭਗਵਾਨ ਬਦਰੀ ਦੇ ਵਿਸ਼ਾਲ ਕਿਵਾੜ ਖੁੱਲ੍ਹਣ ਦੀ ਪ੍ਰਕਿਰਿਆ ਸਵੇਰੇ 4 ਵਜੇ ਤੋਂ ਸ਼ੁਰੂ ਹੋ ਗਈ ਸੀ। ਮੰਦਰ ਨੂੰ 15 ਟਨ ਤੋਂ ਵੱਧ ਫੁਲਾਂ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਪ੍ਰਕਿਰਿਆਵਾਂ ਮਗਰੋਂ ਸਭ ਤੋਂ ਪਹਿਲਾਂ ਬਦਰੀਨਾਥ ਦੇ ਰਾਵਲ ਮੁੱਖ ਪੁਜਾਰੀ ਈਸ਼ਵਰੀ ਪ੍ਰਸਾਦ ਨੰਬੂਦਰੀ ਨੇ ਮੰਦਰ ‘ਚ ਪ੍ਰਵੇਸ਼ ਕੀਤਾ। ਠੀਕ 7 ਵਜ ਕੇ 10 ਮਿੰਟ ‘ਤੇ ਭਗਵਾਨ ਦੇ ਦੁਆਰ ਖੁੱਲ੍ਹੇ।
ਦੱਸ ਦੇਈਏ ਕਿ 12 ਮਹੀਨੇ ਭਗਵਾਨ ਵਿਸ਼ਨੂੰ ਜਿੱਥੇ ਵਿਰਾਜਮਾਨ ਹੁੰਦੇ ਹਨ, ਉਸ ਸ਼ਿਸ਼ਠੀ ਦੇ 8ਵੇਂ ਬੈਕੁੰਠ ਧਾਮ ਨੂੰ ਬਦਰੀਨਾਥ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਮਾਨਤਾ ਹੈ ਕਿ ਭਗਵਾਨ ਵਿਸ਼ਨੂੰ ਇੱਥੇ 6 ਮਹੀਨੇ ਵਿਸ਼ਰਾਮ ਕਰਦੇ ਹਨ ਅਤੇ 6 ਮਹੀਨੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਦੂਜੀ ਮਾਨਤਾ ਇਹ ਵੀ ਹੈ ਕਿ 6 ਮਹੀਨੇ ਮਨੁੱਖ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ ਅਤੇ ਬਾਕੀ ਦੇ 6 ਮਹੀਨੇ ਇੱਥੇ ਦੇਵਤਾ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ, ਜਿਸ ਵਿਚ ਮੁੱਖ ਪੁਜਾਰੀ ਖ਼ੁਦ ਦੇਵਰਿਸ਼ੀ ਨਾਰਦ ਹੁੰਦੇ ਹਨ।