ਇੱਥੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਸਵੇਰ ਦੇ ਸਮੇਂ ਉਸ ਵੇਲੇ ਚੀਕ-ਚਿਹਾੜਾ ਪੈ ਗਿਆ, ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਅਚਾਨਕ ਪਲਟ ਗਈ। ਇਸ ਹਾਦਸੇ ਦੌਰਾਨ ਸਾਈਕਲ ਸਵਾਰ ਇਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪਰ ਬੱਸ ‘ਚ ਸਵਾਰ ਸ਼ਰਧਾਲੂਆਂ ਦਾ ਬਚਾਅ ਹੋ ਗਿਆ ਅਤੇ ਕੁੱਝ ਨੂੰ ਹੀ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਮੁਤਾਬਕ ਬੱਸ ‘ਚ ਸਵਾਰ ਸ਼ਰਧਾਲੂਆਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 4.30 ਵਜੇ ਦੇ ਕਰੀਬ ਡਰਾਈਵਰ ਨੇ ਪਾਣੀ ਨਾਲ ਆਪਣਾ ਮੂੰਹ ਵੀ ਧੋਤਾ ਸੀ ਅਤੇ ਲਗਾਤਾਰ ਬੱਸ ਚਲਾ ਰਿਹਾ ਸੀ।
ਇਸ ਦੌਰਾਨ ਨੀਂਦ ਦੀ ਝਪਕੀ ਆਉਣ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਸੜਕ ‘ਤੇ ਜਾ ਰਹੇ ਇਕ ਸਾਈਕਲ ਸਵਾਰ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਫੈਕਟਰੀ ਤੋਂ ਰਾਤ ਦੀ ਸ਼ਿਫਟ ਲਾ ਕੇ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ। ਇਸ ਭਿਆਨਕ ਹਾਦਸੇ ਤੋਂ ਮਗਰੋਂ ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।