Kashmir Railway – ਕਸ਼ਮੀਰ ਘਾਟੀ ਨੂੰ ਦੇਸ਼ ਭਰ ਦੇ ਰੇਲ ਨੈੱਟਵਰਕ ਨਾਲ ਜੋੜਨ ਦੀ ਦਿਸ਼ਾ ’ਚ ਭਾਰਤੀ ਰੇਲਵੇ ਇਕ ਹੋਰ ਕਦਮ ਨਜ਼ਦੀਕ ਪਹੁੰਚ ਗਈ ਹੈ। ਦੇਸ਼ ਦਾ ਪਹਿਲਾ ਕੇਬਲ-ਆਧਾਰਤ ਰੇਲ ਬ੍ਰਿਜ, ਅੰਜੀ ਖੱਡ ਬ੍ਰਿਜ ਤਿਆਰ ਹੋ ਗਿਆ ਹੈ। ਸਾਰੀਆਂ ਤਕਨੀਕੀ ਰੁਕਾਵਟਾਂ ਦੇ ਬਾਵਜੂਦ ਪੁਲ ਦੀਆਂ ਸਾਰੀਆਂ 96 ਕੇਬਲਾਂ ਨੂੰ 11 ਮਹੀਨਿਆਂ ਦੇ ਰਿਕਾਰਡ ਸਮੇਂ ’ਚ ਜੋੜਿਆ ਗਿਆ।
ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ਤਹਿਤ ਇਹ ਸੈਕਸ਼ਨ ਕਟੜਾ ਅਤੇ ਰਿਆਸੀ ਨੂੰ ਜੋੜੇਗਾ। ਇਹ ਕੇਬਲ ਵਾਲਾ ਪੁਲ ਚਿਨਾਬ ਨਦੀ ਦੀ ਸਹਾਇਕ ਨਦੀ ਅੰਜੀ ਨਦੀ ਦੀ ਡੂੰਘੀ ਖੱਡ ਨੂੰ ਪਾਰ ਕਰਦਾ ਹੈ। ਇਹ ਪੁਲ ਕਟੜਾ ਦੇ ਸਿਰੇ ’ਤੇ ਸੁਰੰਗ ਟੀ-2 ਅਤੇ ਰਿਆਸੀ ਸਿਰੇ ’ਤੇ ਸੁਰੰਗ ਟੀ-3 ਨੂੰ ਜੋੜਦਾ ਹੈ। ਪੁਲ ਦੀ ਕੁੱਲ ਲੰਬਾਈ 725 ਮੀਟਰ ਹੈ, ਜਿਸ ’ਚ ਇਕ 473-ਮੀਟਰ ਕੇਬਲ-ਸਟੇਡ ਬ੍ਰਿਜ ਵੀ ਸ਼ਾਮਲ ਹੈ, ਜੋ ਕਿ ਕੇਂਦਰੀ ਖੰਭੇ ਦੇ ਧੁਰੇ ’ਤੇ ਟਿਕਿਆ ਹੋਇਆ ਹੈ, ਜੋ ਕਿ ਨੀਂਹ ਦੇ ਸਿਖਰ ਤੋਂ 193 ਮੀਟਰ ਉੱਚਾ ਹੈ। ਇਹ ਨਦੀ ਦੇ ਤਲ ਤੋਂ 331 ਮੀਟਰ ਉੱਚਾ ਹੈ। ਇਸ ਲਾਈਨ ਨੂੰ ਅਗਲੇ ਸਾਲ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।