ਹਰਿਆਣਾ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲੇਗਾ। ਹਰਿਆਣਾ ਵਿੱਚ ਜਿੱਥੇ ਗਰਮੀ ਆਪਣੇ ਸਿਖਰਾਂ ਵੱਲ ਵਧ ਰਹੀ ਹੈ। ਬੁੱਧਵਾਰ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਦਸੂਹਾ ‘ਚ ਹਲਕੀ ਬਾਰਿਸ਼ ਹੋਈ। ਪਰ ਹੁਣ 29 ਅਪ੍ਰੈਲ ਨੂੰ ਇਕ ਹੋਰ ਪੱਛਮੀ ਗੜਬੜੀ ਹਰਿਆਣਾ ਵਿੱਚ ਦਸਤਕ ਦੇਣ ਵਾਲੀ ਹੈ, ਜਿਸ ਕਾਰਨ 3 ਮਈ ਤੱਕ ਹਰਿਆਣਾ ਅਤੇ ਪੰਜਾਬ ਦਾ ਮੌਸਮ ਬਦਲ ਜਾਵੇਗਾ। ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ 27 ਅਤੇ 28 ਅਪ੍ਰੈਲ ਨੂੰ ਹਰਿਆਣਾ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਕ ਹੋਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 29 ਅਪ੍ਰੈਲ ਤੋਂ 3 ਮਈ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਹਵਾਵਾਂ ਚੱਲਣਗੀਆਂ। ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਵੀ ਦਰਜ ਕੀਤੀ ਜਾਵੇਗੀ।
ਮੌਸਮ ਵਿਭਾਗ ਮੁਤਾਬਕ 28 ਤੋਂ 30 ਅਪ੍ਰੈਲ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਜੇ ਪਿਛਲੇ 10 ਸਾਲਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਪ੍ਰੈਲ ਦਾ ਆਖਰੀ ਹਫ਼ਤਾ ਹਮੇਸ਼ਾ ਹੀ ਗਰਮ ਰਿਹਾ ਹੈ ਪਰ ਇਸ ਵਾਰ 10 ਸਾਲਾਂ ਦਾ ਰਿਕਾਰਡ ਬਦਲਿਆ ਹੈ ਅਤੇ ਅਪ੍ਰੈਲ ਦਾ ਆਖਰੀ ਹਫਤਾ ਵੀ ਰਾਹਤ ਵਾਲਾ ਰਿਹਾ ਹੈ। ਅਗਲੇ 5 ਦਿਨਾਂ ਤੱਕ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ।