05/07/2024 3:10 AM

48 ਦਵਾਈਆਂ ਕੁਆਲਿਟੀ ਟੈਸਟ ‘ਚ ਫੇਲ, ਚੈਕ ਕਰ ਲਓ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਦਵਾਈਆਂ

ਕੈਲਸ਼ੀਅਮ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਸਮੇਤ 48 ਅਜਿਹੀਆਂ ਦਵਾਈਆਂ ਹਨ ਜੋ ਆਪਣੇ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਜਾਂਚ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ 48 ਅਜਿਹੀਆਂ ਦਵਾਈਆਂ ਹਨ ਜੋ ਕਿ ਆਪਣੇ ਕੁਆਲਿਟੀ ਟੈਸਟ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਕੁੱਲ 1497 ਦਵਾਈਆਂ ਦਾ ਕੁਆਲਿਟੀ ਟੈਸਟ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 48 ਦਵਾਈਆਂ ਫੇਲ੍ਹ ਹੋ ਗਈਆਂ। ਇਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਵਿੱਚੋਂ 3 ਫੀਸਦੀ ਦਵਾਈਆਂ ਮਨੁੱਖਾਂ ਦੇ ਖਾਣ ਦੇ ਲਾਇਕ ਨਹੀਂ ਹਨ।

ਇਨ੍ਹਾਂ ਦਵਾਈਆਂ ਦੀ ਕੰਪਨੀ ਸ਼ਾਮਲ ਹੈ

ਦਵਾਈਆਂ ਦੇ ਨਾਲ-ਨਾਲ ਮੈਡੀਕਲ ਇਕਯੂਪਮੈਂਟਸ, ਕਾਸਮੈਟਿਕਸ ਜੋ ਚੰਗੀ ਕੁਆਲਿਟੀ ਦੇ ਨਹੀਂ ਪਾਏ ਗਏ ਹਨ, ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਮਨੁੱਖਾਂ ਦੀ ਵਰਤੋਂ ਲਈ ਸਹੀ ਨਹੀਂ ਹੈ। ਇਹ ਦਵਾਈਆਂ ਨਕਲੀ, ਮਿਲਾਵਟੀ ਜਾਂ ਗਲਤ ਬ੍ਰਾਂਡ ਵਾਲੀਆਂ ਹਨ। ਸੀਡੀਐਸਸੀਓ ਦੀ ਟੈਸਟ ਰਿਪੋਰਟ ਵਿੱਚ ਉੱਤਰਾਖੰਡ ਵਿੱਚ 14, ਹਿਮਾਚਲ ਪ੍ਰਦੇਸ਼ ਵਿੱਚ 13, ਕਰਨਾਟਕ ਵਿੱਚ 4, ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿੱਚ 2-2 ਅਤੇ ਗੁਜਰਾਤ, ਮੱਧ ਪ੍ਰਦੇਸ਼, ਸਿੱਕਮ, ਜੰਮੂ ਅਤੇ ਪੁਡੂਚੇਰੀ ਵਿੱਚ ਇੱਕ-ਇੱਕ ਦਵਾਈਆਂ ਸ਼ਾਮਲ ਹਨ।

ਸੀਡੀਐਸਸੀਓ ਦੀ ਰਿਪੋਰਟ ਅਨੁਸਾਰ ਇਨ੍ਹਾਂ ਦਵਾਈਆਂ ਵਿੱਚ ਲਾਇਕੋਪੀਨ ਮਿਨਰਲ ਸਿਰਪ ਵਰਗੀਆਂ ਦਵਾਈਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਲੋਕ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਸੀ ਇੰਜੈਕਸ਼ਨ, ਫੋਲਿਕ ਐਸਿਡ ਇੰਜੈਕਸ਼ਨ, ਐਲਬੈਂਡਾਜ਼ੋਲ, ਕੌਸ਼ਿਕ ਡੌਕ-500, ਨਿਕੋਟੀਨਾਮਾਈਡ ਇੰਜੈਕਸ਼ਨ, ਅਮੋਕਸੈਨੋਲ ਪਲੱਸ ਅਤੇ ਐਲਸੀਫਲੌਕਸ ਵਰਗੀਆਂ ਦਵਾਈਆਂ ਹਨ। ਇਨ੍ਹਾਂ ਦਵਾਈਆਂ ਦੀ ਵਰਤੋਂ ਵਿਟਾਮਿਨ ਦੀ ਕਮੀ ਨੂੰ ਠੀਕ ਕਰਨ, ਹਾਈ ਬੀਪੀ ਨੂੰ ਕੰਟਰੋਲ ਕਰਨ, ਐਲਰਜੀ ਨੂੰ ਰੋਕਣ, ਐਸਿਡ ਨੂੰ ਕੰਟਰੋਲ ਕਰਨ ਅਤੇ ਫੰਗਲ ਇਨਫੈਕਸ਼ਨ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਦਵਾਈਆਂ ‘ਚ ਇਕ ਮਸ਼ਹੂਰ ਕੰਪਨੀ ਦਾ ਟੂਥਪੇਸਟ ਵੀ ਫੇਲ ਪਾਇਆ ਗਿਆ ਹੈ।