05/07/2024 12:17 AM

ਵਾਹਨਾਂ ਦੀ RC ਤੇ ਲਾਇਸੈਂਸ ਛਪਾਈ ਦਾ ਕੰਮ ਸ਼ੁਰੂ, ਰਜਿਸਟ੍ਰੇਸ਼ਨ ਨੰਬਰ ‘ਤੇ ਲੱਗੇਗੀ ਚਿੱਪ

ਪੰਜਾਬ ‘ਚ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ (RC) ‘ਤੇ ਚਿੱਪ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ, ਪੰਜਾਬ ‘ਚ ਆਰਸੀ ‘ਤੇ ਚਿੱਪ ਲਗਾਉਣ ਦਾ ਕੰਮ ਕਰੀਬ ਦੋ ਸਾਲਾਂ ਤੋਂ ਰੁਕਿਆ ਹੋਇਆ ਸੀ ਪਰ ਹੁਣ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਪੈਂਡਿੰਗ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੰਜਾਬ ਵਿੱਚ ਆਰਸੀ ਅਤੇ ਲਾਇਸੈਂਸ ਪ੍ਰਿੰਟ ਨਾ ਹੋਣ ਅਤੇ ਚਿਪਸ ਨਾ ਮਿਲਣ ਕਾਰਨ ਸਮੱਸਿਆ ਆ ਰਹੀ ਸੀ। ਇਸ ਕਾਰਨ ਪੈਂਡਿੰਗ ਕੇਸਾਂ ਦੀ ਗਿਣਤੀ 2 ਲੱਖ ਤੋਂ ਵੱਧ ਹੋ ਗਈ ਹੈ। ਨਤੀਜੇ ਵਜੋਂ ਟਰਾਂਸਪੋਰਟ ਵਿਭਾਗ ਨੂੰ ਡੀਜੀ ਲਾਕਰ ਰਾਹੀਂ ਆਰਸੀ ਅਤੇ ਲਾਇਸੈਂਸ ਲੈਣ ਲਈ ਅਪੀਲ ਕਰਨੀ ਪੈ ਰਹੀ ਸੀ। ਜਿਸ ਨੂੰ ਦੇਖਦੇ ਹੋਏ ਆਰਸੀ ਤੇ ਲਾਇਸੈਂਸ ਛਪਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ RTA ਦਫ਼ਤਰਾਂ ਵਿੱਚ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਜ਼ਿਲ੍ਹਿਆਂ ਵਿੱਚ ਤਾਂ ਕਮਰਸ਼ੀਅਲ ਵਾਹਨਾਂ ਦੀ ਮਨਜ਼ੂਰੀ ਵਿੱਚ ਦਿੱਕਤ ਆਈ। ਲੋਕਾਂ ਵੱਲੋਂ ਪੁਰਾਣੇ ਵਾਹਨ ਆਪਣੇ ਨਾਂ ਕਰਵਾਉਣ ਸਬੰਧੀ ਕੇਸ ਵੀ ਮਨਜ਼ੂਰੀ ਨਾ ਮਿਲਣ ਕਾਰਨ RTA ਦਫ਼ਤਰ ਵਿੱਚ ਲੰਮੇ ਸਮੇਂ ਤੋਂ ਲਟਕ ਰਹੇ ਸਨ। ਇਸ ਕਾਰਨ ਲੋਕਾਂ ਨੂੰ NOC ਲੈਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।