05/18/2024 12:49 PM

ਸਿਮਰਜੀਤ ਬੈਂਸ ਵੱਲੋਂ ਜਲੰਧਰ ਜ਼ਿਮਨੀ ਚੋਣ ‘ਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ

ਜਲੰਧਰ ਜਿਮਨੀ ਚੋਣ ਲਈ ਵੋਟਿੰਗ ਨੇੜੇ ਆ ਰਹੀ ਹੈ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਵੀ ਜੋੜ-ਤੋੜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਲੋਕ ਇਸਨਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਤੋਂ ਬੈਂਸ ਬ੍ਰਦਰਜ਼ ਦੇ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਵਰਕਰਾਂ ਸਮੇਤ ਭਾਜਪਾ ਨੂੰ ਸਮਰਥਨ ਦਿੱਤਾ ਪਰ ਇਸ ਮੌਕੇ ਖ਼ਾਸ ਗੱਲ ਇਹ ਵੇਖਣ ਨੂੰ ਮਿਲੀ ਬੈਂਸ ਭਰਾਵਾਂ ਵਿੱਚ ਬਲਵਿੰਦਰ ਸਿੰਘ ਬੈਂਸ ਉਨ੍ਹਾਂ ਨਾਲ ਹਾਜਰ ਨਹੀਂ ਸਨ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਚੱਲ ਰਹੀਆਂ ਸਨ ਕਿ ਬੈਂਸ ਬ੍ਰਦਰਜ਼  ਐਤਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਦੋਵੇਂ ਪਾਰਟੀ ਦੇ ਕੇਂਦਰੀ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਗੱਲਬਾਤ ਜਾਰੀ ਹੈ।ਪਰ ਜਲੰਧਰ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਵਿਖੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦਿਹਾਂਤ ਤੋਂ ਬਾਅਦ ਲੋਕ ਸਭਾ ਦੀ ਸੀਟ ਖਾਲੀ ਹੋਈ ਸੀ, ਜਿਸ ਦੇ ਲਈ 10 ਮਈ ਨੂੰ ਹੁਣ ਜ਼ਿਮਨੀ ਚੋਣ ਲਈ ਵੋਟਿੰਗ ਹੋਣ ਜਾ ਰਹੀ ਹੈ। ਜ਼ਿਮਨੀ ਚੋਣ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। 10 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ।