Gas Leak Case : ਗਿਆਸਪੁਰਾ ਇਲਾਕੇ ਦੀ ਸੂਆ ਰੋਡ ’ਤੇ ਹੋਏ ਹਾਦਸੇ ਦੇ 2 ਚਸ਼ਮਦੀਦ ਸਾਹਮਣੇ ਆਏ ਹਨ, ਜਿਨ੍ਹਾਂ ਨੇ ‘ਜਗ ਬਾਣੀ’ ਟੀਮ ਨਾਲ ਦਿਲ ਦਹਿਲਾ ਦੇਣ ਵਾਲਾ ਮੰਜਰ ਆਪਣੀ ਜ਼ੁਬਾਨ ਨਾਲ ਬਿਆਨ ਕੀਤਾ। ਚਸ਼ਮਦੀਦ ਸ਼ਿਵਮ ਅਤੇ ਅਰਵਿੰਦ ਨੇ ਦੱਸਿਆ ਕਿ ਉਹ ਐਤਵਾਰ ਦੀ ਸਵੇਰ ਘਟਨਾ ਸਥਾਨ ਦੀ ਗੋਇਲ ਕਰਿਆਨਾ ਸਟੋਰ ਤੋਂ ਕੁੱਝ ਹੀ ਦੂਰੀ ’ਤੇ ਸਨ। ਜਦ ਉਨ੍ਹਾਂ ਨੇ ਦੇਖਿਆ ਕਿ ਸਟੋਰ ਦੇ ਬਾਹਰ ਕੁੱਝ ਲੋਕ ਡਿੱਗੇ ਪਏ ਹਨ ਅਤੇ ਤੜਫਦੇ ਹੋਏ ਮਦਦ ਦੀ ਮੰਗ ਕਰ ਰਹੇ ਹਨ। ਜਦ ਉਨ੍ਹਾਂ ਨੂੰ ਬਚਾਉਣ ਲਈ ਕੁੱਝ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਵੀ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ। ਇਕਦਮ ਨਾਲ ਉਨ੍ਹਾਂ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾਉਣ ਲੱਗਾ ਅਤੇ ਦਿਮਾਗ ਸੁੰਨ ਜਿਹਾ ਹੋ ਗਿਆ। ਉਨ੍ਹਾਂ ਨੇ ਕਿਸੇ ਤਰ੍ਹਾਂ ਜੇਬ ’ਚੋਂ ਰੁਮਾਲ ਕੱਢਿਆ ਫਿਰ ਨੱਕ ਅਤੇ ਮੂੰਹ ’ਤੇ ਰੁਮਾਲ ਬੰਨ੍ਹ ਲਿਆ। ਇਸ ਤੋਂ ਬਾਅਦ ਉਹ ਖ਼ੁਦ ਹੀ ਪਿੱਛੇ ਹਟ ਕੇ ਦੂਰ ਚਲੇ ਗਏ। ਤਦ ਜਾ ਕੇ ਉਨ੍ਹਾਂ ਨੂੰ ਕੁੱਝ ਠੀਕ ਮਹਿਸੂਸ ਹੋਇਆ ਪਰ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਕਰਿਆਨਾ ਸਟੋਰ ਦੇ ਬਾਹਰ ਤੇ ਨੇੜੇ 11 ਲੋਕ ਤੜਫ-ਤੜਫ ਕੇ ਮਰ ਗਏ। ਉਹ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਹ ਕਿਸੇ ਤਰ੍ਹਾਂ ਦੀ ਹਿੰਮਤ ਕਰ ਕੇ ਚਲੇ ਵੀ ਜਾਂਦੇ ਤਾਂ ਉਹ ਵੀ ਬਾਕੀ ਲੋਕਾਂ ਦੀ ਤਰ੍ਹਾਂ ਅੱਜ ਮਰੇ ਪਏ ਹੁੰਦੇ। ਅਰਵਿੰਦ ਦਾ ਕਹਿਣਾ ਹੈ ਕਿ ਜਿੱਥੇ ਘਟਨਾ ਹੋਈ, ਉੱਥੋਂ ਉਸ ਦਾ ਘਰ ਸਿਰਫ 150 ਮੀਟਰ ਦੂਰ ਹੈ। ਉਹ ਸਵੇਰੇ ਕ੍ਰਿਕਟ ਖੇਡਣ ਲਈ ਜਾ ਰਿਹਾ ਸੀ। ਜਦ ਇਹ ਹਾਦਸਾ ਹੋਇਆ। ਪਹਿਲਾਂ ਉਸ ਨੇ ਸੋਚਿਆ ਕਿ ਕੋਈ ਐਕਸੀਡੈਂਟ ਹੋਇਆ ਹੈ ਪਰ ਜਦ ਮੈਨੂ ਵੀ ਗੈਸ ਚੜ੍ਹਨੀ ਸ਼ੁਰੂ ਹੋਈ ਤਾਂ ਤੁਰੰਤ ਮੌਕੇ ਤੋਂ ਦੂਰ ਚਲਾ ਗਿਆ ਪਰ ਲੋਕ ਮਦਦ ਦੇ ਲਈ ਰੌਲਾ ਪਾ ਰਹੇ ਸਨ। ਇਸ ਤੋਂ ਬਾਅਦ ਉਸ ਨੇ ਆਪਣੀ ਗਲੀ ’ਚ ਜਾ ਕੇ ਲੋਕਾਂ ਨੂੰ ਘਟਨਾ ਬਾਰੇ ਦੱਸਿਆ ਸੀ। ਫਿਰ ਉਨ੍ਹਾਂ ਨੇ ਪੁਲਸ ਨੂੰ ਕਾਲ ਕਰ ਕੇ ਸੂਚਨਾ ਦਿੱਤੀ। ਕੁੱਝ ਮਿੰਟ ਬਾਅਦ ਹੀ ਪੁਲਸ ਮੌਕੇ ’ਤੇ ਪੁੱਜੀ ਪਰ ਜਦ ਪੁਲਸ ਵਾਲੇ ਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਵੀ ਚੱਕਰ ਆਉਣ ਲੱਗ ਗਏ। ਇਸ ਲਈ ਉਨ੍ਹਾਂ ਨੂੰ ਵੀ ਦੂਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਸੜਕ ’ਤੇ ਪਏ ਲੋਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉੱਥੇ ਸ਼ਿਵਮ ਦਾ ਕਹਿਣਾ ਹੈ ਕਿ ਉਸ ਦਾ ਘਰ ਲਗਭਗ 300 ਮੀਟਰ ਦੂਰ ਹੈ। ਐਤਵਾਰ ਸਵੇਰੇ ਹੀ ਹਵਾ ’ਚ ਤੇਜ਼ ਬਦਬੂ ਆ ਰਹੀ ਸੀ। ਅਕਸਰ ਇੰਡਸਟਰੀ ਵਾਲੇ ਸੀਵਰੇਜ ’ਚ ਤੇਜ਼ਾਬੀ ਪਾਣੀ ਪਾਉਂਦੇ ਰਹਿੰਦੇ ਹਨ, ਇਸ ਲਈ ਸ਼ੁਰੂ ਵਿਚ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਇਹ ਬਦਬੂ ਉਸੇ ਤੋਂ ਆ ਰਹੀ ਹੈ ਪਰ ਜਦ ਉਹ ਨੇੜੇ ਗਿਆ ਤਾਂ ਉਸ ਨੂੰ ਵੀ ਬੇਹੋਸ਼ੀ ਆਉਣ ਲੱਗੀ। ਇਸ ਤੋਂ ਪਹਿਲਾਂ ਕੋਈ ਵੀ ਹਾਦਸਾ ਉਸ ਦੇ ਨਾਲ ਹੁੰਦਾ, ਉਹ ਵੀ ਭੱਜ ਕੇ ਦੂਰ ਚਲਾ ਗਿਆ।
ਲੁਧਿਆਣਾ ਇਕ ਉਦਯੋਗਿਕ ਨਗਰੀ ਹੈ, ਜਿੱਥੇ ਕਈ ਵੱਡੀਆਂ ਇੰਡਸਟਰੀਆਂ ਅਤੇ ਫੈਕਟਰੀਆਂ ਹਨ। ਇਨ੍ਹਾਂ ‘ਚ ਕਈ ਤਰ੍ਹਾਂ ਦੀਆਂ ਗੈਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਦੇ ਗੈਸਾਂ ਨੂੰ ਲਿਆਉਣ-ਲਿਜਾਣ ‘ਚ, ਕਦੇ ਕੰਮ ਕਰਦੇ ਸਮੇਂ ਗੈਸ ਲੀਕ ਜਾਂ ਰਿਸਾਅ ਹੋਣਾ ਆਮ ਗੱਲ ਹੈ, ਜਦਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਪਹਿਲਾਂ ਹੋਈਆਂ ਗੈਸ ਰਿਸਣ ਦੀਆਂ ਘਟਨਾਵਾਂ ਤੋਂ ਜ਼ਿਲ੍ਹੇ ਦੇ ਸਿਵਲ ਜਾਂ ਪੁਲਸ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਸਬਕ ਨਹੀਂ ਲਿਆ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਕੋਲ ਇਸ ਤਰ੍ਹਾਂ ਦਾ ਕੋਈ ਮਾਸਕ ਨਹੀਂ ਹੈ, ਜਿਸ ਨੂੰ ਉਹ ਪਾ ਕੇ ਘਟਨਾ ਸਥਾਨ ’ਤੇ ਪੁੱਜ ਸਕਣ। ਅੱਜ ਹੋਏ ਹਾਦਸੇ ਵਿਚ ਵੀ ਸਭ ਤੋਂ ਪਹਿਲਾਂ ਪੀ. ਸੀ. ਆਰ. ਮੁਲਾਜ਼ਮ ਮੌਕੇ ’ਤੇ ਪੁੱਜਣ ’ਤੇ ਖੁਦ ਹੀ ਬੇਹੋਸ਼ ਹੋ ਗਏ ਸਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਕੋਲ ਗੈਸ ਤੋਂ ਬਚਾਵ ਲਈ ਕੋਈ ਮਾਸਕ ਨਹੀਂ ਸੀ।