ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 4 ਮਈ ਨੂੰ ਅੰਤਿਮ ਅਰਦਾਸ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਰੂਟ ਪਲਾਨ ਮੁਤਾਬਕ ਬਠਿੰਡੇ ਵਾਲੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਬਾਦਲ ਪਿੰਡ ਤੋਂ ਪਹਿਲਾਂ ਖੱਬੇ ਅਤੇ ਸੱਜੇ ਹੱਥ ਖਾਲੀ ਖੇਤਾਂ ਵਿੱਚ (60 ਏਕੜ) ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਗੱਡੀਆਂ ਖੜ੍ਹੀਆਂ ਕਰ ਕੇ ਲੋਕ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਪੰਡਾਲ ਵਿੱਚ ਪਹੁੰਚ ਸਕਦੇ ਹਨ। ਇਸੇ ਤਰ੍ਹਾਂ ਲੰਬੀ, ਖਿਓਵਾਲੀ ਤੇ ਮਹਿਣਾ ਵਾਲੇ ਪਾਸਿਓਂ ਆਉਣ ਵਾਲੇ ਵਾਹਨ ਸਰਕਾਰੀ ਪਸ਼ੂ ਹਸਪਤਾਲ, ਖੇਡ ਸਟੇਡੀਅਮ ਹੁੰਦੇ ਹੋਏ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪਿਛਲੇ ਪਾਸੇ ਪਹੁੰਚ ਕੇ ਮਿੱਠੜੀ ਰੋਡ ’ਤੇ ਬਣੀ ਪਾਰਕਿੰਗ ਵਿੱਚ ਵਹੀਕਲ ਖੜ੍ਹੇ ਕਰ ਕੇ ਲੰਗਰ ਵਾਲੀ ਜਗ੍ਹਾ ਦੇ ਨਾਲ ਦੀ ਹੁੰਦੇ ਹੋਏ ਮੁੱਖ ਪੰਡਾਲ ਵਿੱਚ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਸਿੰਘੇਵਾਲਾ ਤੋਂ ਆਉਣ ਵਾਲੀਆਂ ਗੱਡੀਆਂ ਮਿੱਠੜੀ ਰੋਡ ਪਾਰਕਿੰਗ ਤੱਕ ਪਹੁੰਚ ਸਕਦੀਆਂ ਹਨ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਅੰਤਿਮ ਅਰਦਾਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਆਮ ਲੋਕਾਂ ਅਤੇ ਵੀਵੀਆਈਪੀਜ਼ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲੀਸ ਤੇ ਪ੍ਰਸ਼ਾਸਨ ਵਿੱਚ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ।