ਜਲੰਧਰ ਲੋਕ ਸਭਾ ਉਪ ਚੋਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਨੇਤਰਹੀਣਾਂ ਲਈ ਵਿਸ਼ੇਸ਼ ਬੈਲਟ ਪੇਪਰ ਤਿਆਰ ਕੀਤਾ ਗਿਆ ਹੈ। ਇਹ ਬੈਲਟ ਪੇਪਰ ਬਰੇਲ ਲਿਪੀ ਵਿੱਚ ਹਨ, ਜੋ ਕਿ ਇੰਸਟੀਚਿਊਟ ਫਾਰ ਦਾ ਬਲਾਇੰਡ, ਚੰਡੀਗੜ੍ਹ ਸੈਕਟਰ-26 ਵਿਖੇ ਤਿਆਰ ਕੀਤੇ ਗਏ ਹਨ। ਲੋਕ ਸਭਾ ਉਪ ਚੋਣ ਲਈ 2170 ਬੈਲਟ ਪੇਪਰ ਤਿਆਰ ਕੀਤੇ ਗਏ ਹਨ। ਇਨ੍ਹਾਂ ਬੈਲਟ ਪੇਪਰਾਂ ‘ਤੇ ਉਮੀਦਵਾਰ ਦਾ ਨਾਮ, ਚੋਣ ਨਿਸ਼ਾਨ, ਪਾਰਟੀ ਦਾ ਨਾਮ, ਸੀਰੀਅਲ ਨੰਬਰ ਦਰਜ ਕੀਤਾ ਗਿਆ ਹੈ। ਇਹ ਬੈਲਟ ਪੇਪਰ ਪੰਜਾਬੀ ਬਰੇਲ ਲਿਪੀ ਵਿੱਚ ਹਨ। ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 10 ਮਈ ਨੂੰ ਹੋਣੀ ਹੈ ਜਦਕਿ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
ਇੰਸਟੀਚਿਊਟ ਫਾਰ ਦਿ ਬਲਾਇੰਡ, ਸੈਕਟਰ-26 ਦੇ ਪ੍ਰਿੰਸੀਪਲ ਜੇ.ਐਸ. ਜਾਇੜਾ ਨੇ ਕਿਹਾ ਕਿ ਚੋਣਾਂ ਦੌਰਾਨ ਨੇਤਰਹੀਣ ਲੋਕ ਉਮੀਦਵਾਰਾਂ ਨੂੰ ਨਹੀਂ ਦੇਖ ਸਕਦੇ। ਜਾਇੜਾ ਖੁਦ ਵੀ ਨੇਤਰਹੀਣ ਹੈ। ਉਨ੍ਹਾਂ ਦੱਸਿਆ ਕਿ ਇਸ ਬਰੇਲ ਲਿਪੀ ਨਾਲ ਤਿਆਰ ਕੀਤੇ ਬੈਲਟ ਪੇਪਰ ਰਾਹੀਂ ਉਹ ਆਪਣੀ ਮਨਪਸੰਦ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਬਾਹਰਲੇ ਬੰਦੇ ਦੀ ਮਦਦ ਦੀ ਲੋੜ ਨਹੀਂ ਪਵੇਗੀ।
ਇੰਸਟੀਚਿਊਟ ਫਾਰ ਦਾ ਬਲਾਇੰਡ ਵਿਖੇ ਬ੍ਰੇਲ ਪ੍ਰੈੱਸ ਦੇ ਇੰਚਾਰਜ ਵਿਸ਼ਵਜੀਤ, ਉਨ੍ਹਾਂ ਦੇ ਸਹਾਇਕ ਪੰਕਜ ਅਤੇ ਹੋਰ ਸਟਾਫ਼ ਮੈਂਬਰ 26 ਅਪ੍ਰੈਲ ਤੋਂ ਇਨ੍ਹਾਂ ਬੈਲਟ ਪੇਪਰਾਂ ਨੂੰ ਤਿਆਰ ਕਰਨ ਵਿੱਚ ਲੱਗੇ ਹੋਏ ਸਨ। ਸੋਮਵਾਰ ਨੂੰ ਇਨ੍ਹਾਂ ਨੂੰ ਤਿਆਰ ਕਰਕੇ ਜਲੰਧਰ ਦੇ ਚੋਣ ਵਿਭਾਗ ਦੇ ਰਿਟਰਨਿੰਗ ਅਫਸਰ ਨੂੰ ਸੌਂਪ ਦਿੱਤਾ ਗਿਆ। ਵਿਸ਼ਵਜੀਤ ਨੇ ਦੱਸਿਆ ਕਿ ਬਰੇਲ ਲਿਪੀ ਵਿੱਚ ਤਿਆਰ ਕੀਤੇ ਗਏ ਬੈਲਟ ਪੇਪਰ ਨੂੰ ਸਵੀਡਨ ਤੋਂ ਮੰਗਵਾਈ ਗਈ ਬਰੇਲ ਐਮਬੋਸਰ ਨਾਮ ਦੀ ਮਸ਼ੀਨ ਵਿੱਚ ਤਿਆਰ ਕੀਤਾ ਗਿਆ ਹੈ।