ਸਿਆਸਤ ਦੇ ਬਾਬਾ ਬੋਹੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਅੱਜ ਯਾਨੀ ਕਿ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਪਿੰਡ ਬਾਦਲ ਤੋਂ ਉਨ੍ਹਾਂ ਦੇ ਪੁੱਤਰ ਸ. ਸੁਖਬੀਰ ਬਾਦਲ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਪਿੰਡ ਬਾਦਲ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਗਏ ਹਨ। 11 ਵਜੇ ਦੇ ਕਰੀਬ ਬਾਦਲ ਸਾਬ੍ਹ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਦੱਸਣਯੋਗ ਹੈ ਕਿ ਬੀਤੀ 25 ਅਪ੍ਰੈਲ ਨੂੰ ਸ. ਬਾਦਲ ਦਾ ਦਿਹਾਂਤ ਹੋ ਗਿਆ ਸੀ। 95 ਸਾਲਾ ਪ੍ਰਕਾਸ਼ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਿਆ। ਸਾਹ ਦੀ ਤਕਲੀਫ਼ ਮਗਰੋਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 27 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ।
ਦੱਸ ਦੇਈਏ ਕਿ ਦੇਸ਼ ਦੀ ਸਿਆਸਤ ’ਚ ਸਭ ਤੋਂ ਬਜ਼ੁਰਗ ਸਿਆਸਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ’ਚ ਆਪਣੇ 17 ਸਾਲ ਦੇ ਸ਼ਾਸਨ ਦੌਰਾਨ ਕਈ ਭਲਾਈ ਵਾਲੇ ਕੰਮ ਕੀਤੇ ਅਤੇ ਕਈ ਕੀਰਤੀਮਾਨ ਸਥਾਪਿਤ ਕੀਤੇ। ਜਨਤਾ ਨਾਲ ਸਿੱਧੇ ਜੁੜਾਅ ਲਈ ਉਨ੍ਹਾਂ ‘ਸੰਗਤ ਦਰਸ਼ਨ’ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਨੂੰ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਵੀ ਅਪਣਾਇਆ।