ਪੰਜਾਬ ਵਿੱਚ ਗਰਮੀ ਦੇ ਆਗਾਮੀ ਮੌਸਮ ਨੂੰ ਦੇਖਦਿਆਂ ਬਿਜਲੀ ਦੀ ਬੱਚਤ ਕਰਨ ਲਈ ਸਰਕਾਰੀ ਦਫ਼ਤਰਾਂ ਦਾ ਸਮਾਂ ਅੱਜ ਤੋਂ ਬਦਲ ਗਿਆ ਹੈ। ਹੁਣ ਸੂਬੇ ਦੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਅੱਜ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੇ ਅਮਲੇ ਨਾਲ 7.28 ਮਿੰਟ ’ਤੇ ਦਫ਼ਤਰ ਪਹੁੰਚੇ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਚੇਤਨ ਸਿੰਘ ਜੌੜੇਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਬੀਰ ਸਿੰਘ, ਹਰਭਜਨ ਸਿੰਘ ਈਟੀਓ, ਹਰਜੋਤ ਬੈਂਸ, ਡਾ. ਬਲਜੀਤ ਕੌਰ ਸਣੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸਮੇਂ ਸਿਰ ਪਹੁੰਚ ਕੇ ਕਮਾਨ ਸਾਂਭ ਲਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਅਧਿਕਾਰੀਆਂ ਤੇ ਲੋਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬਹੁਗਿਣਤੀ ਲੋਕਾਂ ਦੀ ਸਹਿਮਤੀ ਲੈਣ ਤੋਂ ਬਾਅਦ ਲਿਆ ਗਿਆ ਹੈ। ਇਹ ਫੈਸਲਾ ਆਉਣ ਵਾਲੇ ਮਹੀਨਿਆਂ ’ਚ ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਵਿੱਚ ਸਹਾਈ ਹੋਵੇਗਾ। ਸ੍ਰੀ ਮਾਨ ਨੇ ਕਿਹਾ ਕਿ ਮੌਸਮ ਵਿਭਾਗ ਨੇ ਜੂਨ, ਜੁਲਾਈ ਤੇ ਅਗਸਤ ਮਹੀਨੇ ’ਚ ਅੱਤ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਕਾਰਨ 2 ਮਈ ਤੋਂ 15 ਜੁਲਾਈ ਤੱਕ ਸੂਬੇ ਦੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਗਰਮੀਆਂ ’ਚ ਦੁਪਹਿਰ 1.30 ਤੋਂ 4 ਵਜੇ ਤੱਕ ਬਿਜਲੀ ਦੀ ਵਧੇਰੇ ਖਪਤ ਹੁੰਦੀ ਹੈ ਅਤੇ ਦਫ਼ਤਰਾਂ ਦੇ ਬੰਦ ਹੋਣ ਨਾਲ ਬਿਜਲੀ ਦੀ ਬੱਚਤ ਹੋ ਸਕੇਗੀ। ਸ੍ਰੀ ਮਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰੀ ਦਫਤਰਾਂ ’ਚ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਰ ਮਹੀਨੇ ਔਸਤਨ 16 ਤੋਂ 17 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਢਾਈ ਮਹੀਨੇ ਦੌਰਾਨ ਸੂਬਾ ਸਰਕਾਰ ਨੂੰ 40 ਤੋਂ 42 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੁਲਾਜ਼ਮ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ ਆਪਣਾ ਕੰਮ-ਕਾਰ ਛੇਤੀ ਕਰ ਸਕਣਗੇ। ਸਰਕਾਰੀ ਮੁਲਾਜ਼ਮਾਂ ਨੂੰ ਵੀ ਸਹੂਲਤ ਮਿਲੇਗੀ, ਉਹ ਦਫਤਰੀ ਸਮੇਂ ਤੋਂ ਬਾਅਦ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣਗੇ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ ਬਾਅਦ ਅਧਿਕਾਰੀਆਂ ਤੇ ਲੋਕਾਂ ਤੋਂ ਫੀਡਬੈਕ ਲੈ ਕੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਖੇਤੀ, ਘਰੇਲੂ ਜਾਂ ਸਨਅਤ ਸਮੇਤ ਸਾਰੇ ਖੇਤਰਾਂ ਨੂੰ ਪੂਰੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕੋਲ 35 ਦਿਨਾਂ ਲਈ ਕੋਲਾ ਮੌਜੂਦ ਹੈ, ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਸੂਬੇ ’ਚ ਕੋਲੇ ਦੀ ਭਾਰੀ ਘਾਟ ਕਾਰਨ ਹਨੇਰੇ ਦਾ ਖਤਰਾ ਮੰਡਰਾਉਂਦਾ ਰਹਿੰਦਾ ਸੀ।
ਪੰਜ ਮੰਤਰੀ ਰਹੇ ਗ਼ੈਰਹਾਜ਼ਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਦਬੀਲ ਕਰਨ ਤੋਂ ਬਾਅਦ ਮੁੱਖ ਮੰਤਰੀ ਤੇ 9 ਹੋਰ ਮੰਤਰੀ ਸਮੇਂ ਸਿਰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਦਫ਼ਤਰ ’ਚ ਪਹੁੰਚ ਗਏ ਪਰ ਪੰਜ ਮੰਤਰੀ ਇਸ ਦੌਰਾਨ ਗੈਰ ਹਾਜ਼ਰ ਰਹੇ ਹਨ। ਇਨ੍ਹਾਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਅਨਮੋਲ ਗਗਨ ਮਾਨ, ਇੰਦਰਬੀਰ ਸਿੰਘ ਨਿੱਝਰ, ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਭੁੱਲਰ ਸ਼ਾਮਲ ਹਨ, ਜੋ ਦਫ਼ਤਰ ਨਹੀਂ ਪਹੁੰਚੇ।
ਕਈ ਮੁਲਾਜ਼ਮ ਆਮ ਵਾਂਗ ਪਹੁੰਚੇ
ਪੰਜਾਬ ਸਰਕਾਰ ਵੱਲੋਂ ਤਿੰਨ ਹਫ਼ਤੇ ਪਹਿਲਾਂ ਹੀ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਅੱਜ ਵਧੇਰੇ ਦਫ਼ਤਰਾਂ ’ਚ ਮੁਲਾਜ਼ਮ ਆਮ ਵਾਂਗ ਪਹੁੰਚੇ ਜਿਸ ਕਰਕੇ ਅਧਿਕਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਪੁਰਾਣੇ ਸਮੇਂ ’ਤੇ ਪਹੁੰਚਣ ਕਰਕੇ ਦੁਪਹਿਰੇ ਦਫ਼ਤਰ ਬੰਦ ਕਰਨ ਸਮੇਂ ਭੀੜ ਲੱਗ ਗਈ ਜਿਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।