– ਪੱਛਮੀ ਦਬਾਅ ਤਹਿਤ ਭਾਰਤ ਦੇ ਉੱਤਰੀ ਖੇਤਰਾਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਕਾਰਨ ਮਈ ਮਹੀਨੇ ’ਚ ਵੀ ਲੋਕਾਂ ਨੂੰ ਤਪਿਸ਼ ਤੋਂ ਰਾਹਤ ਮਿਲੀ ਹੋਈ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਗਲੇ ਕੁੱਝ ਦਿਨ ਤਾਪਮਾਨ ’ਚ ਕੋਈ ਬਹੁਤ ਜ਼ਿਆਦਾ ਵਾਧਾ ਨਹੀਂ ਹੋਵੇਗਾ। ਬੁੱਧਵਾਰ ਨੂੰ ਪਾਰਾ 3.4 ਡਿਗਰੀ ਸੈਲਸੀਅਸ ਵਧਿਆ, ਹਾਲਾਕਿ ਇਹ ਔਸਤਨ ਨਾਲੋਂ 8.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ।
ਸੂਬੇ ’ਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ’ਚ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਸਭ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਦਾ 16.7 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਮੋਹਾਲੀ ਵਿਖੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਦਕਿ ਰੋਪੜ ’ਚ 17 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 6 ਮਈ ਤੱਕ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਗਰਜ, ਚਮਕ ਨਾਲ ਛਿੱਟੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।