ਚੰਡੀਗੜ੍ਹ ਦੇ ਸੈਕਟਰ-36 ਵਿੱਚ ਸਥਿਤ ਐੱਮਸੀਐੱਮ ਡੀਏਵੀ ਕਾਲਜ ਦੀ ਛੱਤ ਤੋਂ ਡਿੱਗਣ ਕਰ ਕੇ ਅੱਜ ਇਕ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੈਕਟਰ-37 ਦੀ ਵਸਨੀਕ ਅਨੰਨਿਆ ਵਜੋਂ ਹੋਈ ਹੈ, ਜੋ ਕਿ ਕਾਲਜ ਵਿੱਚ ਬੀਏ ਦੂਜੇ ਸਾਲ ’ਚ ਪੜ੍ਹ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅਨੰਨਿਆ ਦਾ ਅੱਜ ਬਾਅਦ ਦੁਪਹਿਰ 2 ਵਜੇ ਪੰਜਾਬੀ ਦਾ ਪੇਪਰ ਸੀ, ਜਿਸ ਕਰ ਕੇ ਉਹ ਕਰੀਬ ਦੋ ਘੰਟੇ ਪਹਿਲਾਂ ਹੀ ਕਾਲਜ ਪਹੁੰਚ ਗਈ। ਇਸੇ ਦੌਰਾਨ ਉਹ ਕਾਲਜ ਦੀ ਛੱਤ ’ਤੇ ਗਈ, ਜਿੱਥੋਂ ਉਹ ਭੇਤਭਰੀ ਹਾਲਤ ’ਚ ਹੇਠਾਂ ਡਿੱਗ ਗਈ। ਕਾਲਜ ਵਿਦਿਆਰਥਣ ਦੇ ਡਿੱਗਣ ਦੀ ਜਾਣਕਾਰੀ ਮਿਲਦੇ ਹੀ ਕਾਲਜ ਸਟਾਫ ਨੇ ਉਸ ਨੂੰ ਤੁਰੰਤ ਪੀਜੀਆਈ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਮ੍ਰਿਤਕਾ ਦੇ ਹੇਠਾਂ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਿਸੇ ਦਾ ਕਹਿਣਾ ਹੈ ਕਿ ਉਹ ਬਾਥਰੂਮ ਜਾ ਰਹੀ ਸੀ ਤਾਂ ਇਸ ਦੌਰਾਨ ਪੌੜੀਆਂ ਤੋਂ ਉਸ ਦਾ ਪੈਰ ਤਿਲਕਣ ਕਰ ਕੇ ਉਹ ਡਿੱਗ ਗਈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਅਨੰਨਿਆ ਦੇ ਮਾਪੇ ਵੀ ਪੀਜੀਆਈ ਪਹੁੰਚ ਗਏ।
ਅਨੰਨਿਆ ਦੇ ਪਿਤਾ ਮੁਕੇਸ਼ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੇ ਆਪਣੀ ਧੀ ਨਾਲ ਹੀ ਖਾਣਾ ਖਾਧਾ ਸੀ। ਉਸ ਤੋਂ ਬਾਅਦ ਉਹ ਕਿਸੇ ਕੰਮ ਤੋਂ ਲੁਧਿਆਣਾ ਚਲੇ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਉਹ ਲੁਧਿਆਣਾ ਤੋਂ ਪੀਜੀਆਈ ਪਹੁੰਚੇ। ਦੂਜੇ ਪਾਸੇ ਅਨੰਨਿਆ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਉਸ ਦੀ ਮਾਂ ਨੂੰ ਡੂੰਘਾ ਸਦਮਾ ਲੱਗਿਆ। ਥਾਣਾ ਸੈਕਟਰ-36 ਦੇ ਮੁਖੀ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੰਨਿਆ ਦੇ ਛੱਤ ਤੋਂ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਲਜ ਸਟਾਫ ਤੋਂ ਪੁੱਛਗਿਛ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਅਨੰਨਿਆ ਨੂੰ ਤੁਰੰਤ ਪੀਜੀਆਈ ਪਹੁੰਚਾਇਆ: ਨਿਸ਼ਾ ਭਾਰਗਵ
ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ ਨੇ ਕਿਹਾ ਕਿ ਕਾਲਜ ਵਿੱਚ ਪ੍ਰੀਖਿਆ ਹੋਣ ਕਰ ਕੇ ਸਾਰੇ ਵਿਦਿਆਰਥੀ ਅਤੇ ਸਟਾਫ ਕਲਾਸਾਂ ਵਿੱਚ ਹੀ ਸੀ। ਇਸੇ ਦੌਰਾਨ 12.15 ਵਜੇ ਦੇ ਕਰੀਬ ਵਿਦਿਆਰਥਣ ਦੇ ਕਾਲਜ ਦੀ ਛੱਤ ਤੋਂ ਹੇਠਾਂ ਡਿੱਗਣ ਦੀ ਜਾਣਕਾਰੀ ਮਿਲੀ। ਉਸ ਦੇ ਨੱਕ ਤੋਂ ਖੂਨ ਨਿਕਲ ਰਿਹਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੂੰ ਤੁਰੰਤ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਝ ਸਮੇਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਅਨੰਨਿਆ ਦਾ ਪੇਪਰ ਦੁਪਹਿਰ ਸਮੇਂ ਸ਼ੁਰੂ ਹੋਣੀ ਸੀ ਪਰ ਉਹ ਕਾਫੀ ਪਹਿਲਾਂ ਹੀ ਕਾਲਜ ਪਹੁੰਚ ਗਈ ਸੀ।