05/17/2024 12:33 PM

ਮਦਰ ਡੇਅਰੀ ਨੇ 15-20 ਰੁਪਏ ਪ੍ਰਤੀ ਲਿਟਰ ਘਟਾਏ

ਮਦਰ ਡੇਅਰੀ ਨੇ ‘ਧਾਰਾ’ ਬ੍ਰਾਂਡ ਤਹਿਤ ਵਿਕਣ ਵਾਲੇ ਆਪਣੇ ਖੁਰਾਕੀ ਤੇਲਾਂ ਦਾ ਜ਼ਿਆਦਾਤਰ ਪ੍ਰਚੂਨ ਮੁੱਲ (ਐੱਮ. ਆਰ. ਪੀ.) 15 ਤੋਂ 20 ਰੁਪਏ ਪ੍ਰਤੀ ਲਿਟਰ ਘਟਾ ਦਿੱਤਾ ਹੈ। ਕੌਮਾਂਤਰੀ ਪੱਧਰ ਉੱਤੇ ਖੁਰਾਕੀ ਤੇਲ ਕੀਮਤਾਂ ’ਚ ਆਈ ਗਿਰਾਵਟ ਦੌਰਾਨ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਮੁੱਲ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਨਵੇਂ ਐੱਮ. ਆਰ. ਪੀ. ਨਾਲ ‘ਧਾਰਾ’ ਤੇਲ ਅਗਲੇ ਹਫਤੇ ਬਾਜ਼ਾਰ ’ਚ ਉਪਲੱਬਧ ਹੋਣ ਦੀ ਉਮੀਦ ਹੈ।

ਖੁਰਾਕ ਮੰਤਰਾਲਾ ਨੇ ਖੁਰਾਕੀ ਤੇਲ ਉਦਯੋਗ ਬਾਡੀਜ਼ ਸਾਲਵੈਂਟ ਐਕਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੂੰ ਖਾਣਾ ਪਕਾਉਣ ਦੇ ਕੰਮ ਆਉਣ ਵਾਲੇ ਤੇਲ ਦੇ ਮੁੱਲ ਘਟਾਉਣ ਦਾ ਨਿਰਦੇਸ਼ ਦਿੱਤਾ ਸੀ। ਮਦਰ ਡੇਅਰੀ ਦੇ ਪ੍ਰਮੋਟਰ ਨੇ ਕਿਹਾ,‘‘ਧਾਰਾ ਖੁਰਾਕੀ ਤੇਲਾਂ ਦੇ ਮੁੱਲ 15 ਤੋਂ 20 ਰੁਪਏ ਪ੍ਰਤੀ ਲਿਟਰ ਘਟਾਏ ਗਏ ਹਨ। ਇਹ ਕਟੌਤੀ ਵੱਖ-ਵੱਖ ਕਿਸਮਾਂ ਉਦਾਹਰਣ ਸੋਇਆਬੀਨ ਤੇਲ, ਰਾਇਸਬ੍ਰਾਨ ਆਇਲ, ਸੂਰਜਮੁਖੀ ਤੇਲ ਅਤੇ ਮੂੰਗਫਲੀ ਤੇਲ ’ਚ ਕੀਤੀ ਗਈ ਹੈ। ਮੁੱਲ ਕਟੌਤੀ ਤੋਂ ਬਾਅਦ ਧਾਰਾ ਰਿਫਾਇੰਡ ਸੋਇਆਬੀਨ ਤੇਲ (ਇਕ ਲਿਟਰ ਦਾ ਪੈਕ) ਦਾ ਮੁੱਲ 170 ਤੋਂ ਘੱਟ ਕੇ 150 ਰੁਪਏ ਰਹਿ ਗਿਆ ਹੈ। ਧਾਰਾ ਰਿਫਾਇੰਡ ਰਾਈਸ ਬ੍ਰਾਨ ਦਾ ਮੁੱਲ 190 ਤੋਂ ਘੱਟ ਕੇ 170 ਰੁਪਏ, ਧਾਰਾ ਰਿਫਾਇੰਡ ਸੂਰਜਮੁਖੀ ਤੇਲ ਦਾ ਮੁੱਲ 175 ਤੋਂ ਘੱਟ ਕੇ 160 ਰੁਪਏ ਅਤੇ ਧਾਰਾ ਮੂੰਗਫਲੀ ਤੇਲ ਦਾ ਮੁੱਲ 255 ਤੋਂ ਘਟਾ ਕੇ 240 ਰੁਪਏ ਪ੍ਰਤੀ ਲਿਟਰ ਕੀਤਾ ਗਿਆ ਹੈ।