03/01/2024 7:41 AM

ਫਰਾਂਸ ‘ਚ ਹੋਣ ਵਾਲੇ ਰਗਬੀ ਵਰਲਡ ਕੱਪ ਲਈ ਜਲੰਧਰ ‘ਚ ਬਣੀਆਂ ਰਗਬੀ ਬਾਲਾਂ ਦੇ ਕੰਟੇਨਰ ਨੂੰ ਮੁੱਖ-ਮੰਤਰੀ ਮਾਨ ਨੇ ਵਿਖਾਈ ਹਰੀ ਝੰਡੀ

ਜਲੰਧਰ ਦੀ ਖੇਡ ਇੰਡਸਟਰੀ ਨੂੰ ਦੇਵਾਂਗੇ ਵਿਸ਼ਵ-ਪੱਧਰੀ ਪਛਾਣ, ਪੰਜਾਬ ਬਣੇਗਾ ਦੇਸ਼ ਦੀ ਖੇਡ ਰਾਜਧਾਨੀ ਅਤੇ ਜਲੰਧਰ ਬਣੇਗਾ ਖੇਡਾਂ ਦੇ ਸਮਾਨ ਦੀ ਰਾਜਧਾਨੀ- ਭਗਵੰਤ ਮਾਨ

ਪੱਛਮ ਦੀ ਪ੍ਰਸਿੱਧ ਖੇਡ ਰਗਬੀ ਦੇ ਫਰਾਂਸ ਵਿੱਚ ਹੋਣ ਜਾ ਰਹੇ ਵਿਸ਼ਵ ਕੱਪ ਵਿੱਚ ਖੇਡ ਲਈ ਵਰਤੀਆਂ ਜਾਣ ਵਾਲੀਆਂ ਬਾਲਾਂ, ਜੋ ਕਿ ਜਲੰਧਰ ਤੋਂ ਬਣੀਆਂ ਹਨ, ਅੱਜ ਮੁੱਖ-ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਬਾਲਾਂ ਦੇ ਭਰੇ ਕੰਟੇਨਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਜਿਕਰਯੋਗ ਹੈ ਕਿ ਰਗਬੀ ਦਾ ਵਿਸ਼ਵ ਕੱਪ ਇਸ ਸਾਲ 8 ਸਤੰਬਰ ਤੋਂ 28 ਅਕਤੂਬਰ ਤੱਕ ਫਰਾਂਸ ਵਿੱਚ ਹੋ ਰਿਹਾ ਹੈ। ਇਹ ਖੇਡ ਭਾਰਤ ਵਿੱਚ ਮਕਬੂਲ ਨਹੀਂ, ਪਰ ਜਲੰਧਰ ਤੋਂ ਇਸ ਲਈ ਬਾਲਾਂ ਦਾ ਤਿਆਰ ਹੋਕੇ ਜਾਣਾ ਪੰਜਾਬ ਦੀ ਖੇਡ ਇੰਡਸਟਰੀ ਲਈ ਸ਼ੁੱਭ-ਸੰਕੇਤ ਹੈ। ਇਸ ਮੌਕੇ ਆਪਣੇ ਕੀਤੇ ਟਵੀਟ ਵਿੱਚ ਵੀ ਮੁੱਖ-ਮੰਤਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਸਪੋਰਟਸ ਇੰਡਸਟਰੀ ਦੇ ਹੱਬ ਵਜੋਂ ਜਾਣੇ ਜਾਂਦੇ ਜਲੰਧਰ ਨੂੰ ਉਨ੍ਹਾਂ ਦੀ ਸਰਕਾਰ ਵਿਸ਼ਵ-ਪੱਧਰੀ ਪਛਾਣ ਦਿਵਾਏਗੀ। ਸ. ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦੀ ਖੇਡ ਰਾਜਧਾਨੀ ਅਤੇ ਜਲੰਧਰ ਨੂੰ ਖੇਡਾਂ ਦੇ ਸਮਾਨ ਦੀ ਰਾਜਧਾਨੀ ਵਜੋਂ ਵਿਕਸਿਤ ਕਰਨ ਲਈ ਆਪਣਾ ਪੂਰਾ ਜ਼ੋਰ ਲਗਾਉਣਗੇ।