ਪੁਲ ਤੋਂ ਹੇਠਾਂ ਡਿੱਗੀ ਬੱਸ; 22 ਲੋਕਾਂ ਦੀ ਮੌਤ, 18 ਹਸਪਤਾਲ ਭਰਤੀ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿਚ ਸੜਕ ਹਾਦਸੇ ਵਿਚ 22 ਲੋਕਾਂ ਦੀ ਮੌਤ ਹੋ ਗਈ ਤੇ 18 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਅਤੇ ਖਰਗੋਨ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਘਟਨਾ ਮੰਗਲਵਾਰ ਸਵੇਰੇ 8.30 ਵਜੇ ਵਾਪਰੀ। ਡਰਾਈਵਰ, ਕੰਡਕਟਰ ਤੇ ਕਲੀਨਰ ਵੀ ਜਾਨ ਗੁਆਉਣ ਵਾਲਿਆਂ ਵਿਚ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਸ਼੍ਰੀਖੰਡੀ ਤੋਂ ਇੰਦੌਰ ਜਾ ਰਹੀ ਸੀ। ਉਹ ਦੰਸਵਾ, ਡੋਂਗਰਗਾਓਂ ਵਿਚਕਾਰ ਬੋਰਾਡ ਨਦੀ ਦੇ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ। ਬੱਸ ਓਵਰਲੋਡ ਸੀ।ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ,ਡੀਸੀ ਤੇ ਵਿਧਾਇਕ ਮੌਕੇ ‘ਤੇ ਪਹੁੰਚ ਗਏ ਹਨ। ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਮੌਕੇ ’ਤੇ ਪੁੱਜੇ ਵਿਧਾਇਕ ਰਵੀ ਜੋਸ਼ੀ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਸਾਂ ਓਵਰਲੋਡ ਹੋ ਕੇ ਹਰ ਰੋਜ਼ ਤੇਜ਼ ਰਫ਼ਤਾਰ ਨਾਲ ਲੰਘਦੀਆਂ ਹਨ। ਕਈ ਵਾਰ ਅਸੀਂ ਬੱਸ ਡਰਾਈਵਰਾਂ ਨੂੰ ਰੋਕਿਆ ਪਰ ਉਨ੍ਹਾਂ ਨੇ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ।