ਪਿਛਲੇ ਕਈ ਦਿਨਾਂ ਤੋਂ ਸਕੂਲ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ’ਤੇ ਬੋਰਡ ਦੇ ਨਤੀਜੇ ਦੀ ਫਰਜ਼ੀ ਤਾਰੀਖ਼ ਐਲਾਨ ਕੇ ਭੁਲੇਖਾ ਪਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬੁੱਧਵਾਰ ਨੂੰ ਸਾਹਮਣੇ ਅਇਆ, ਜਦੋਂ ਕਿਸੇ ਸ਼ਰਾਰਤੀ ਅਨਸਰ ਨੇ ਬੋਰਡ ਦੇ ਨਤੀਜੇ ਦੇ ਐਲਾਨ ਸਬੰਧੀ ਸੀ. ਬੀ. ਐੱਸ. ਈ. ਦੇ ਇਕ ਅਧਿਕਾਰੀ ਦੇ ਦਸਤਖ਼ਤ ਵਾਲੀ ਫਰਜ਼ੀ ਲੈਟਰ ਵਾਇਰਲ ਕਰ ਦਿੱਤੀ ਕਿਉਂਕਿ ਲੈਟਰ ਨਤੀਜੇ ਨਾਲ ਜੁੜੀ ਸੀ ਤਾਂ ਮਿੰਟ ਵਿਚ ਵਾਇਰਲ ਹੋ ਗਈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਰਜ਼ੀ ਨੋਟਿਸ ਨੂੰ ਕਈ ਸਕੂਲਾਂ ਨੇ ਸੱਚ ਸਮਝ ਲਿਆ, ਜਿਸ ਵਿਚ ਲਿਖਿਆ ਹੈ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ 11 ਮਈ ਨੂੰ ਜਾਰੀ ਕੀਤੇ ਜਾਣਗੇ। ਇਹੀ ਨਹੀਂ, ਇਸ ਫਰਜ਼ੀ ਨੋਟਿਸ ਵਿਚ ਆਫੀਸ਼ੀਅਲ ਸਰਕੁਲਰ ਵਾਂਗ ਮਾਰਕਸ਼ੀਟ ਡਾਊਨਲੋਡ ਕਰਨ ਲਈ ਡਿਟੇਲਸ, ਡਿਜ਼ੀਟਲ ਮਾਰਕਸ਼ੀਟ, ਰਿਜ਼ਲਟ ਲਿੰਕ ਅਤੇ ਡਿਜ਼ੀ ਲਾਕਰ ਆਦਿ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਮਿੰਟਾਂ ’ਚ ਸੀ. ਬੀ. ਐੱਸ. ਈ. ਨੇ ਲਿਆ ਐਕਸ਼ਨ
ਸਕੂਲਾਂ, ਬੱਚਿਆਂ ਅਤੇ ਪੇਰੈਂਟਸ ਨੂੰ ਇਸ ਗੁੰਮਰਾਹਕੁਨ ਪੱਤਰ ਤੋਂ ਸਾਵਧਾਨ ਕਰਦੇ ਹੋਏ ਹਰਕਤ ਵਿਚ ਆਈ ਸੀ. ਬੀ. ਐੱਸ. ਈ. ਨੇ ਕੁੱਝ ਹੀ ਮਿੰਟਾਂ ਵਿਚ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਨੋਟਿਸ ਫਰਜ਼ੀ ਹੈ। ਸੀ. ਬੀ. ਐੱਸ. ਈ. 10ਵੀਂ, 12ਵੀਂ ਦੇ ਨਤੀਜੇ ਸਬੰਧੀ ਅਜੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸੀ. ਬੀ. ਐੱਸ. ਈ. ਨਤੀਜੇ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਰਿਜ਼ਲਟ ਦੀ ਤਾਰੀਖ਼ ਦਾ ਐਲਾਨ ਕਰੇਗਾ।
cbse.nic.in ਅਤੇ cbse.gov.in ’ਤੇ ਹੀ ਅਪਡੇਟ ਦਾ ਕਰਨ ਇੰਤਜ਼ਾਰ
ਸੀ. ਬੀ. ਐੱਸ. ਈ. ਦੇ ਇਕ ਬੁਲਾਰੇ ਨੇ ਕਿਹਾ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਐਲਾਨਣ ਦੀ ਤਾਰੀਖ਼ ਦਾ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ ਆਉਣ ਵਾਲਾ ਹੈ ਪਰ ਬੋਰਡ ਵੱਲੋਂ ਹੁਣ ਤੱਕ ਕੋਈ ਤਾਰੀਖ਼ ਜਾਰੀ ਨਹੀਂ ਕੀਤੀ ਗਈ। ਸੀ. ਬੀ. ਐੱਸ. ਈ. ਦੇ ਸਿਟੀ ਕੋ-ਆਰਡੀਨੇਟਰ ਡਾ. ਏ. ਪੀ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਦੇ ਕਿਸੇ ਵੀ ਅਪਡੇਟ ਲਈ ਬੋਰਡ ਦੀਆਂ ਆਫੀਸ਼ੀਅਲ ਵੈੱਬਸਾਈਟਾਂ cbse.nic.in ਅਤੇ cbse.gov.in ’ਤੇ ਹੀ ਅਪਡੇਟ ਦਾ ਇੰਤਜ਼ਾਰ ਕਰਨ।