02/24/2024 8:40 PM

ਸਕੂਟੀ ‘ਤੇ ਜਾ ਰਹੇ ਮਾਂ-ਬੇਟੇ ਨੂੰ ਟਰੱਕ ਨੇ ਮਾਰੀ ਟੱਕਰ, 6 ਸਾਲਾ ਬੇਟੇ ਦੀ ਮੌਤ

ਲੁਧਿਆਣਾ ‘ਚ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਨੇੜੇ ਇੱਕ ਓਵਰਲੋਡ ਟਰੱਕ ਡਰਾਈਵਰ ਨੇ ਐਕਟਿਵਾ ਸਵਾਰ ਮਾਂ-ਬੇਟੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਸਾਲਾ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਹੀ ਟਰੱਕ ਡਰਾਈਵਰ ਨੇ ਐਕਟਿਵਾ ਚਾਲਕ ਔਰਤ ਦੀਆਂ ਲੱਤਾਂ ਨੂੰ ਕੁਚਲ ਦਿੱਤਾ, ਉਹ ਇਸ ਵੇਲੇ ਜ਼ੇਰੇ ਇਲਾਜ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਬੇਟੇ ਨੂੰ ਹੈਂਪਟਨ ਹੋਮਜ਼ ਨੇੜੇ ਨਰਾਇਣ ਸਕੂਲ ‘ਚ ਛੱਡਣ ਜਾ ਰਹੀ ਸੀ। ਮਰਨ ਵਾਲੇ ਬੱਚੇ ਦੀ ਪਛਾਣ ਵਿਵਾਨ ਵਜੋਂ ਹੋਈ ਹੈ। ਵਿਵਾਨ ਨਰਸਰੀ ਕਲਾਸ ਦਾ ਵਿਦਿਆਰਥੀ ਸੀ। ਮਹਿਲਾ ਦਾ ਨਾਂ ਮੋਨਿਕਾ ਓਬਰਾਏ ਦੱਸਿਆ ਜਾ ਰਿਹਾ ਹੈ, ਜੋ ਕਿ ਇੱਕ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਹੈ। ਵਿਵਾਨ ਦੇ ਪਿਤਾ ਮੁਤਾਬਕ ਉਸਦਾ ਜਨਮ ਵਿਆਹ ਦੇ ਕਰੀਬ 10 ਸਾਲ ਬਾਅਦ ਹੋਇਆ ਸੀ। ਉਹ ਇਸ ਵੇਲੇ ਸਦਮੇ ‘ਚ ਨੇ ਤੇ ਇਸਤੋਂ ਜ਼ਿਆਦਾ ਕੁਝ ਹੋਰ ਨਹੀਂ ਕਹਿ ਪਾਏ। ਸੜਕ ‘ਤੇ ਔਰਤ ਅਤੇ ਉਸ ਦੇ ਬੱਚੇ ਨੂੰ ਖੂਨ ਨਾਲ ਲਥਪਥ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਪਿਛਲਾ ਪਹੀਆ ਮਾਂ-ਪੁੱਤ ਦੇ ਉੱਪਰ ਜਾ ਵੱਜਿਆ। ਇਸ ਦੇ ਨਾਲ ਹੀ ਹਾਦਸੇ ਸਮੇਂ ਐਕਟਿਵਾ ਕਾਫੀ ਦੂਰ ਜਾ ਡਿੱਗੀ।

ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਚਸ਼ਮਦੀਦਾਂ ਮੁਤਾਬਕ ਟਰੱਕ ਡਰਾਈਵਰ ਤੇਜ਼ ਰਫ਼ਤਾਰ ‘ਤੇ ਸੀ। ਟਰੱਕ ਦਾ ਟਾਇਰ ਮਾਂ ਦੇ ਪੈਰਾਂ ਅਤੇ ਬੱਚੇ ਦੇ ਸਿਰ ਤੋਂ ਹੀ ਲੰਘ ਗਿਆ।

ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ। ਲੋਕਾਂ ਨੇ ਭੱਜਦੇ ਟਰੱਕ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਟਰੱਕ ਡਰਾਈਵਰ ਨੂੰ ਥਾਣਾ ਜਮਾਲਪੁਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।