03/01/2024 6:48 AM

ਮਈ ‘ਚ ਵੀ ਹੋ ਰਹੀ ਲਗਾਤਾਰ ਬਰਫਬਾਰੀ !

Kedarnath Yatra : ਉੱਤਰਾਖੰਡ ਦੇ ਪਹਾੜਾਂ ਵਿੱਚ ਮਈ ਮਹੀਨੇ ਵੀ ਬਰਫਬਾਰੀ ਹੋ ਰਹੀ ਹੈ। ਇਸ ਨਾਲ ਕੇਦਾਰਨਾਥ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸਾਸ਼ਨ ਨੇ ਸ਼ਰਧਾਲੂਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਯਾਤਰਾ ਕੀਤੀ ਜਾਏ। ਇਸ ਦੇ ਨਾਲ ਹੀ ਗਰਮ ਕੱਪੜੇ ਵੀ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਕੇਦਾਰਨਾਥ ਵਿੱਚ ਐਤਵਾਰ ਨੂੰ ਬਰਫਬਾਰੀ ਹੋਈ। ਇਸ ਦੇ ਮੱਦੇਨਜ਼ਰ ਪੁਲਿਸ ਨੇ ਕੇਦਾਰਨਾਥ ਆਉਣ ਵਾਲੇ ਸ਼ਰਧਾਲੂਆਂ ਨੂੰ ਮੌਸਮ ਦੇ ਪੂਰਵ ਅਨੁਮਾਨ ਮੁਤਾਬਕ ਹੀ ਯਾਤਰਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਯਾਤਰੀਆਂ ਨੂੰ ਆਪਣੇ ਨਾਲ ਛੱਤਰੀਆਂ, ਗਰਮ ਕੱਪੜੇ, ਬਰਸਾਤੀ ਤੇ ਜ਼ਰੂਰੀ ਦਵਾਈਆਂ ਲੈ ਕੇ ਚੱਲਣ ਦੀ ਸਲਾਹ ਵੀ ਦਿੱਤੀ ਗਈ ਹੈ।

ਰੁਦਰਪ੍ਰਯਾਗ ਦੀ ਐਸਪੀ ਵਿਸ਼ਾਖਾ ਅਸ਼ੋਕ ਭਦਾਣੇ ਨੇ ਕੇਦਾਰਨਾਥ ਤੋਂ ਆਪਣੀ ਇੱਕ ਵੀਡੀਓ ਕਲਿੱਪ ਜਾਰੀ ਕੀਤੀ ਹੈ, ਜਿਸ ਵਿੱਚ ਹਿਮਾਲਿਆਈ ਮੰਦਰ ’ਚ ਬਰਫਬਾਰੀ ਹੁੰਦੀ ਦਿਖਾਈ ਦੇ ਰਹੀ ਹੈ। ਵੀਡੀਓ ’ਚ ਭਦਾਣੇ ਨੇ ਕੇਦਾਰਨਾਥ ਆ ਰਹੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੀ ਪੂਰਵ ਅਨੁਮਾਨ ਦੀ ਜਾਣਕਾਰੀ ਦੇ ਆਧਾਰ ’ਤੇ ਹੀ ਆਪਣੀ ਯਾਤਰਾ ਕਰਨ ਤੇ ਆਪਣੇ ਨਾਲ ਗਰਮ ਕੱਪੜੇ, ਬਰਸਾਤੀ, ਛੱਤਰੀ, ਜ਼ਰੂਰੀ ਦਵਾਈਆਂ ਲੈ ਕੇ ਚੱਲਣ।

ਦੱਸ ਦਈਏ ਕਿ ਕੇਦਾਰਨਾਥ ਤੇ ਬਦਰੀਨਾਥ ’ਚ ਮਈ ਮਹੀਨੇ ਲਗਾਤਾਰ ਬਰਫਬਾਰੀ ਹੋ ਰਹੀ ਹੈ ਜੋ ਕਿ ਮੌਸਮ ਦਾ ਗ਼ੈਰ ਸਧਾਰਨ ਵਰਤਾਰਾ ਹੈ। ਹਾਲਾਂਕਿ ਬਰਫਬਾਰੀ ਸ਼ਰਧਾਲੂਆਂ ਨੂੰ ਮੰਦਰਾਂ ਦੀ ਯਾਤਰਾ ਕਰਨ ਤੋਂ ਰੋਕਣ ’ਚ ਅਸਫਲ ਰਹੀ ਹੈ। ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਹੁਣ ਤੱਕ 4 ਲੱਖ ਤੋਂ ਵੱਧ ਸ਼ਰਧਾਲੂ ਦੋਵਾਂ ਮੰਦਰਾਂ ਦੀ ਯਾਤਰਾ ਕਰ ਚੁੱਕੇ ਹਨ। ਸ਼ਰਧਾਲੂਆਂ ਲਈ ਕੇਦਾਰਨਾਥ ਮੰਦਰ ਦੇ ਕਿਵਾੜ 25 ਅਪਰੈਲ ਨੂੰ ਜਦਕਿ ਬਦਰੀਨਾਥ ਮੰਦਰ ਦੇ ਕਿਵਾੜ 27 ਅਪਰੈਲ ਨੂੰ ਖੋਲ੍ਹੇ ਗਏ ਸਨ।