02/24/2024 8:40 AM

ਜੇਕਰ ਤੁਹਾਡਾ ਫੋਨ ਚੋਰੀ ਹੋ ਗਿਆ, ਤਾਂ ਘਬਰਾਓ ਨਹੀਂ, ਹੁਣ ਸਰਕਾਰ ਲੱਭੇਗੀ ਤੁਹਾਡਾ ਫੋਨ

ਸਮਾਰਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਸਾਡੇ ਕਈ ਕੰਮ ਰੁੱਕ ਸਕਦੇ ਹਨ। ਅਜਿਹੇ ‘ਚ ਜੇਕਰ ਫੋਨ ਕਦੇ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਤਾਂ ਵੱਡੀ ਸਮੱਸਿਆ ਹੋ ਸਕਦੀ ਹੈ। ਜੇਕਰ ਕਿਸੇ ਦਾ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਕਾਫੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਫ਼ੋਨ ਲੱਭਣ ਲਈ ਪੁਲਿਸ ਨੂੰ ਰਿਪੋਰਟ ਵੀ ਕਰਦੇ ਹਨ, ਪਰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਹੁਣ ਇਹ ਸਿਸਟਮ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਹੁਣ ਤੁਹਾਡਾ ਗੁਆਚਿਆ ਜਾਂ ਚੋਰੀ ਹੋਇਆ ਫ਼ੋਨ ਸਰਕਾਰ ਲੱਭੇਗੀ।

ਸਾਡੇ ਸਮਾਰਟਫੋਨ ‘ਚ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ, ਇਸ ਲਈ ਜੇਕਰ ਇਹ ਗੁੰਮ ਹੋ ਜਾਂਦਾ ਹੈ, ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਸਾਡਾ ਨਿੱਜੀ ਡਾਟਾ ਵੀ ਲੀਕ ਹੋ ਸਕਦਾ ਹੈ। ਹੁਣ ਸਰਕਾਰ ਨੇ ਸਮਾਰਟਫੋਨ ਦੀ ਉਪਯੋਗਤਾ ਅਤੇ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦੇ ਹੋਏ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਤੁਹਾਡਾ ਗੁਆਚਿਆ ਫੋਨ ਆਸਾਨੀ ਨਾਲ ਮਿਲ ਜਾਵੇਗਾ।

17 ਮਈ ਨੂੰ ਲਾਈਵ ਹੋਵੇਗਾ ਪੋਰਟਲ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹਾਲ ਹੀ ਵਿੱਚ ਲੋਕਾਂ ਦੇ ਗੁੰਮ ਹੋਏ ਫ਼ੋਨ ਅਤੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਲੱਭਿਆ ਹੈ। ਕੇਂਦਰੀ ਮੰਤਰੀ ਨੇ ਸੰਚਾਰ ਸਾਰਥੀ ਪੋਰਟਲ ਲਾਂਚ ਕੀਤਾ ਹੈ। ਹਾਲਾਂਕਿ ਇਸ ਦੀ ਸੇਵਾ ਅਜੇ ਸ਼ੁਰੂ ਨਹੀਂ ਹੋਈ ਹੈ। ਇਹ ਪੋਰਟਲ 17 ਮਈ ਨੂੰ ਵਿਸ਼ਵ ਦੂਰਸੰਚਾਰ ਦਿਵਸ (World telecom day) ਦੇ ਮੌਕੇ ‘ਤੇ ਲੋਕਾਂ ਲਈ ਲਾਈਵ ਕੀਤਾ ਜਾਵੇਗਾ। ਕੇਂਦਰੀ ਮੰਤਰੀ ਇਸ ਦਿਨ ਇਸ ਪੋਰਟਲ ਨੂੰ ਲਾਂਚ ਕਰਨਗੇ।

ਸੰਚਾਰ ਸਾਰਥੀ ਪੋਰਟਲ ਦੀਆਂ ਖਾਸ ਗੱਲਾਂ

  • ਇਹ ਪੋਰਟਲ ਕਈ ਤਰੀਕਿਆਂ ਨਾਲ ਬਹੁਤ ਖਾਸ ਹੈ। ਇਸ ਦੀ ਮਦਦ ਨਾਲ ਤੁਸੀਂ ਗੁੰਮ ਹੋਏ ਫੋਨ ਨੂੰ ਤੁਰੰਤ ਬਲੌਕ ਵੀ ਕਰ ਸਕੋਗੇ।
  • ਇਸ ਪੋਰਟਲ ਰਾਹੀਂ ਤੁਸੀਂ ਪਤਾ ਸਕਦੇ ਹੋ ਕਿ ਤੁਹਾਡੀ ਆਈਡੀ ‘ਤੇ ਕਿੰਨੀਆਂ ਸਿਮ ਚੱਲ ਰਹੀਆਂ ਹਨ।
  • ਇਸ ਪੋਰਟਲ ‘ਤੇ ਤੁਹਾਨੂੰ ਟੈਲੀਕੋਮ ਨੈਟਵਰਕ ‘ਤੇ ਫ੍ਰਾਡ ਨਾਲ ਜੁੜੀ ਜਾਣਕਾਰੀ ਵੀ ਮਿਲ ਜਾਵੇਗੀ।
  • ਐਪਲ ਦੇ ਫਾਈਂਡ ਮਾਈ ਫੋਨ ਦੀ ਤਰ੍ਹਾਂ ਹੁਣ ਤੁਸੀਂ ਸੰਚਾਰ ਸਾਰਥੀ ਪੋਰਟਲ ਦੀ ਮਦਦ ਨਾਲ ਆਪਣੇ ਐਂਡਰਾਇਡ ਫੋਨ ਨੂੰ ਵੀ ਟਰੇਸ ਕਰਨ ਦੇ ਯੋਗ ਹੋਵੋਗੇ।