07/27/2024 1:42 PM

ਸ਼ਗਨ ਸਕੀਮ ਲੈਣ ਦੇ ਚਾਹਵਾਨਾ ਲਈ ਵੱਡੀ ਖ਼ਬਰ

ਸਾਬਕਾ ਸਰਕਾਰ ਦੀ ਸ਼ਗਨ ਸਕੀਮ, ਜਿਸ ਦਾ ਨਾਂ ਬਦਲ ਕੇ ‘ਆਸ਼ੀਰਵਾਦ ਯੋਜਨਾ’ ਰੱਖਿਆ ਗਿਆ ਹੈ, ਉਸ ਤਹਿਤ ਅਨੁਸੂਚਿਤ ਜਾਤੀ, ਪੱਛੜਿਆ ਵਰਗ ਅਤੇ ਹੋਰ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ‘ਚ ਆਰਥਿਕ ਮਦਦ ਦਿੱਤੀ ਜਾਂਦੀ ਹੈ। ਹਾਲਾਂਕਿ ਪਿਛਲੀ ਸਰਕਾਰ ਦੌਰਾਨ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਸੂਚੀ ਲੰਬਿਤ ਹੋ ਗਈ ਸੀ ਪਰ ਮੌਜੂਦਾ ਸਰਕਾਰ ਨੇ ਇਸ ਸੂਚੀ ਨੂੰ ਦਸੰਬਰ, 2022 ਤੱਕ ਅਪਡੇਟ ਕਰਕੇ ਰਾਸ਼ੀ ਅਦਾ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਵਿਭਾਗ ਨੇ ਯੋਜਨਾ ਤਹਿਤ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ ਨਾ ਸਿਰਫ ਯੋਜਨਾ ਦੇ ਲਾਗੂ ਕਰਨ ‘ਚ ਪਾਰਦਰਸ਼ਤਾ ਆਵੇਗੀ, ਸਗੋਂ ਮਾਮਲਿਆਂ ਦੇ ਜਲਦੀ ਨਿਪਟਾਰੇ ‘ਚ ਵੀ ਮਦਦ ਮਿਲੇਗੀ। ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਧੀ ਦੇ ਵਿਆਹ ਤੋਂ ਇਕ ਮਹੀਨਾ ਪਹਿਲਾਂ ਜਾਂ ਵਿਆਹ ਤੋਂ ਇਕ ਮਹੀਨਾ ਬਾਅਦ ਤੱਕ ਪੋਰਟਲ ‘ਤੇ ਅਪਲਾਈ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਅਰਜ਼ੀਆਂ ਨਾਜਾਇਜ਼ ਹੋ ਜਾਣਗੀਆਂ।

32.36 ਲੱਖ ਲੋਕ ਲੈ ਰਹੇ ਵਿੱਤੀ ਮਦਦ

ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਮਾਜ ਭਲਾਈ ਯੋਜਨਾਵਾਂ ਤਹਿਤ 32,35,978 ਲਾਭਪਾਤਰੀ ਯੋਜਨਾਵਾਂ ਦਾ ਲਾਭ ਲੈ ਰਹੇ ਹਨ। ਪੰਜਾਬ ਸਰਕਾਰ ਦੇ ਸਮਾਜ ਭਲਾਈ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਅਤੇ ਆਸ਼ਰਿਤ ਔਰਤਾਂ ਨੂੰ ਵਿੱਤੀ ਮਦਦ ਤੋਂ ਇਲਾਵਾ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਆਦਮੀਆਂ ਲਈ ਵਿੱਤੀ ਮਦਦ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਯੋਜਨਾਵਾਂ ਤਹਿਤ 5650.60 ਕਰੋੜ ਦੀ ਵਿਵਸਥਾ ਕੀਤੀ ਗਈ ਹੈ, ਜਿਸ ‘ਚੋਂ ਅਪ੍ਰੈਲ ਮਹੀਨੇ ‘ਚ ਹੀ 958.39 ਕਰੋੜ ਖ਼ਰਚ ਕੀਤੇ ਜਾ ਚੁੱਕੇ ਹਨ।