05/17/2024 7:40 AM

NIA ਨੂੰ ਮਿਲੀ ਵੱਡੀ ਸਫਲਤਾ, ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਤਿੰਨ ਗੁਰਗੇ ਗ੍ਰਿਫਤਾਰ

ਰਾਸ਼ਟਰੀ ਜਾਂਚ ਏਜੰਸੀ ਨੇ ਪੁਲਿਸ ਦੇ ਸਹਿਯੋਗ ਨਾਲ ਅੱਤਵਾਦੀ-ਗੈਂਗਸਟਰ ਤੇ ਨਸ਼ਾ ਤਸਕਰ ਗਠਜੋੜ ਖਿਲਾਫ ਪੰਜਾਬ, ਹਰਿਆਣ ਸਣੇ 9 ਸੂਬਿਆਂ ਵਿਚ ਆਪ੍ਰੇਸ਼ਨ ਚਲਾਇਆ। ਵਿਦੇਸ਼ਾਂ ਤੇ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਨਾਲ ਜੁੜੇ ਤਿੰਨ ਗੈਂਗਸਟਰਾਂ ਨੂੰ NIA ਨੇ ਹਿਰਾਸਤ ਵਿਚ ਲਿਆ ਹੈ। ਮੁਲਜ਼ਮਾਂ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਭਿਵਾਨੀ ਵਾਸੀ ਪ੍ਰਵੀਨ ਵਧਵਾ, ਨਵੀਂ ਸੀਲਮਪੁਰ (ਦਿੱਲੀ) ਵਾਸੀ ਇਰਫਾਨ ਤੇ ਮੋਗਾ ਵਾਸੀ ਜੱਸਾ ਸਿੰਘ ਸ਼ਾਮਲ ਹਨ। ਇਰਫਾਨ ਵੱਡੇ ਗੈਂਗਸਟਰਾਂ ਨਾਲ ਜੜਿਆ ਸੀ ਉਸ ਦੇ ਘਰ ਤੋਂ ਹਥਿਆਰ ਵੀ ਮਿਲੇ ਹਨ। ਜੱਸਾ ਕੈਨੇਡਾ ਵਿਚ ਰਹਿ ਰਹੇ ਅੱਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

NIA ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ-ਅੱਤਵਾਦੀ ਤੇ ਤਸਕਰ ਪੂਰੀ ਰਣਨੀਤੀ ਨਾਲ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਗਿਰੋਹ ਦੇ ਹਰੇਕ ਮੈਂਬਰ ਨੂੰ ਖਾਸ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਜਿਸ ਨੂੰ ਹਰੇਕ ਵਿਅਕਤੀ ਪੂਰਾ ਕਰਦਾ ਹੈ। ਮੁਲਜ਼ਮ ਪ੍ਰਵੀਨ ਉਰਫ ਪ੍ਰਿੰਸ ਲਾਰੈਂਸ ਬਿਸ਼ਨੋਈ ਤੇ ਉਸ ਦੇ ਗਿਰੋਹ ਦੇ ਮੈਂਬਰਾਂ ਦੀਪਕ ਟੀਨੂੰ ਤੇ ਸੰਪਤ ਨਹਿਰਾ ਨਾਲ ਹੋਰ ਲੋਕਾਂ ਨਾਲ ਸੰਪਰਕ ਵਿਚ ਸੀ। ਉਹ ਜੇਲ੍ਹ ਦੇ ਅੰਦਰ ਤੋਂ ਉਨ੍ਹਾਂ ਦੇ ਖਾਸ ਸੰਦੇਸ਼ਵਾਹਕ ਵਜੋਂ ਕੰਮ ਕਰ ਰਿਹਾ ਸੀ।

ਇਰਫਾਨ ਉਰਫ ਛੇਨੂੰ ਗੈਂਗਸਟਰ ਕੌਸ਼ਲ ਚੌਧਰੀ ਤੇ ਉਸ ਦੇ ਸਾਥੀਆਂ ਸੁਨੀਲ ਬਾਲਿਆਨ ਦੀ ਅੱਤਵਾਦੀ ਸਾਜਿਸ਼ ਵਿਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ। ਉਹ ਗੈਂਗਸਟਰ ਟਿੱਲੂ ਤਾਜਪੁਰੀਆ ਲਈ ਕੰਮ ਕਰ ਚੁੱਕਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਰਸ਼ ਡੱਲਾ ਦੇ ਕਹਿਣ ‘ਤੇ ਉਸ ਨੇ ਪਿਸਤੌਲ ਡਿਲੀਵਰ ਕੀਤੀ ਸੀ। ਗੌਰਤਲਬ ਹੈ ਕਿ ਐੱਨਆਈਏ ਨੇ ਅੱਤਵਾਦੀ-ਗੈਂਗਸਟਰ ਤੇ ਤਸਕਰ ਗਠਜੋੜ ਨੂੰ ਲੈ ਕੇ ਪੰਜਾਬ ਸਣੇ ਹੋਰ 9 ਸੂਬਿਆਂ ਵਿਚ 324 ਤੋਂ ਵੱਧ ਟਿਕਾਣਿਆਂ ‘ਤੇ ਛਾਪੇ ਮਾਰੇ ਸਨ।

ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਵਿਦੇਸ਼ ਵਿਚ ਬੈਠੇ ਅੱਤਵਾਦੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਮੁਲਜ਼ਮਾਂ ਨਾਲ ਸੰਪਰਕ ਕਰਕੇ ਸਾਜਿਸ਼ ਰਚ ਰਹੇ ਹਨ। ਨਾਲ ਹੀ ਸੰਗਠਿਤ ਨੈਟਵਰਕ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਵਿਦੇਸ਼ ‘ਤੇ ਆਧਾਰਿਤ ਆਪ੍ਰੇਟਿਵ ਦੀ ਵਜ੍ਹਾ ਨਾਲ ਜੇਲ੍ਹਾਂ ਦੇ ਅੰਦਰ ਗੈਂਗਵਾਰ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।NIA ਜਾਂਚ ਵਿਚ ਇਹ ਵੀ ਸਹਾਮਣੇ ਆਇਆ ਕਿ ਕਈ ਮੁਲਜ਼ਮ ਜੋ ਭਾਰਤ ਵਿਚ ਗੈਂਗਸਟਰਾਂ ਦੀ ਅਗਵਾਈ ਕਰ ਰਹੇ ਸਨ ਹੁਣ ਉਹ ਪਾਕਿਸਤਾਨ, ਕੈਨੇਡਾ, ਮਲੇਸ਼ੀਆ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਭੱਜ ਗਏ ਸਨ ਤੇ ਉਹ ਉਥੋਂ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਨਾਲ ਮਿਲ ਕੇ ਗੰਭੀਰ ਅਪਰਾਧਾਂ ਦੀ ਯੋਜਨਾ ਬਣਾਉਣ ਵਿਚ ਲੱਗੇ ਸਨ। ਇਹ ਸਮੂਹ ਟਾਰਗੈੱਟ ਕਿਲਿੰਗ, ਜ਼ਬਰਦਸਤੀ ਵਸੂਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।