05/19/2024 9:24 AM

ਪੈਟਰੋਲ ਪੰਪਾਂ ਦੇ ਪੋਸਟਰ ‘ਤੇ ਲਿਖਿਆ-’50-100 ਦਾ ਤੇਲ ਭਰਵਾਉਣ ‘ਤੇ ਨਹੀਂ ਲਿਆ ਜਾਵੇਗਾ 2000 ਦਾ ਨੋਟ’

ਲੁਧਿਆਣਾ ਵਿਚ ਪੈਟਰੋਲ ਪੰਪਾਂ ਦੇ ਮੁਲਾਜ਼ਮ 2 ਹਜ਼ਾਰ ਦੇ ਨੋਟ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਪੈਟਰੋਲ ਪੰਪ ‘ਤੇ ਜੋ ਕੋਈ ਵੀ ਤੇਲ ਭਰਵਾਉਣ ਆ ਰਿਹਾ ਹੈ, ਉਹ 2000 ਦਾ ਨੋਟ ਲੈ ਕੇ ਆ ਰਿਹਾ ਹੈ। ਪੰਪ ਮਾਲਕਾਂ ਵੱਲੋਂ ਪੋਸਟਰ ਲਗਾ ਦਿੱਤੇ ਗਏ ਹਨ ਜਿਸ ਵਿਚ ਲਿਖਿਆ ਹੈ ਕਿ ਸਾਰੇ ਗਾਹਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ/RBI ਦੇ ਨਿਰਦੇਸ਼ ਅਨੁਸਾਰ 30 ਸਤੰਬਰ 2023 ਤੱਕ 2 ਹਜ਼ਾਰ ਰੁਪਏ ਜਾਂ ਉਸ ਤੋਂ ਵੱਧ ਦੀ ਖਰੀਦ ‘ਤੇ ਹੀ ਸਵੀਕਾਰਨਯੋਗ ਹਨ।

ਕਰੰਸੀ ਨੂੰ ਬਦਲੇ ਜਾਣ ਦੀ ਵਿਵਸਥਾ ਬੈਂਕਾਂ ਤੱਕ ਹੀ ਸੀਮਤ ਹੈ। ਪੈਟਰੋਲ ਪੰਪ ‘ਤੇ 50-100 ਰੁਪਏ ਦੀ ਖਰੀਦ ‘ਤੇ ਭੁਗਤਾਨ 2000 ਦੇ ਕਰੰਸੀ ਨੋਟ ਤੋਂ ਨਹੀਂ ਕੀਤੀ ਜਾ ਸਕਦੀ। ਦੱਸ ਦੇਈਏ ਕਿ ਪੈਟਰੋਲ ਪੰਪ ਮਾਲਕਾਂ ਨੂੰ ਇਹ ਪੋਸਟਰ ਇਸ ਲਈ ਲਗਾਉਣਾ ਪਿਆ ਕਿਉਂਕਿ ਲੋਕ 50 ਜਾਂ 100 ਦਾ ਤੇਲ ਭਰਵਾਉਣ ਲਈ 2 ਹਜ਼ਾਰ ਦਾ ਨੋਟ ਮੁਲਾਜ਼ਮਾਂ ਨੂੰ ਦੇ ਰਹੇ ਹਨ। ਇਸ ਕਾਰਨ ਪੈਟਰੋਲ ਪੰਪਾਂ ‘ਤੇ 2000ਦੇ ਨੋਟਾਂ ਦੀ ਗਿਣਤੀ ਵਧਣ ਲੱਗੀ ਹੈ।

2000 ਦਾ ਨੋਟ ਨਵੰਬਰ 2016 ਵਿਚ ਮਾਰਕੀਟ ਵਿਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੀ ਜਗ੍ਹਾ ‘ਤੇ ਨਵੇਂ ਪੈਟਰਨ ਵਿਚ 500 ਦਾ ਨਵਾਂ ਨੋਟ ਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। RBI ਸਾਲ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਚੁੱਕਾ ਹੈ।

RBI ਨੇ ਫਿਲਹਾਲ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ਵਿਚ ਬਦਲਣ ਜਾਂ ਅਕਾਊਂਟ ਵਿਚ ਜਮ੍ਹਾ ਕਰਨ ਨੂੰ ਕਿਹਾ ਹੈ ਪਰ ਇਹ ਵੀ ਕਿਹਾ ਹੈ ਕਿ ਇਹ ਇਸ ਦੇ ਬਾਅਦ ਲਈ ਲੀਗਲ ਰਹੇਗਾ। ਇਕ ਵਾਰ ਵਿਚ ਅਧਿਕਤਮ 20,000 ਰੁਪਏ ਦੀ ਕੀਮਤ ਦੇ ਨੋਟ ਹੀ ਬਦਲੇ ਜਾਣਗੇ ਪਰ ਅਕਾਊਂਟ ਵਿਚ ਇਨ੍ਹਾਂ ਨੋਟਾਂ ਦੀ ਜਮ੍ਹਾ ਕਰਨ ‘ਤੇ ਲਿਮਟ ਨਹੀਂ ਹੋਵੇਗੀ। ਹੁਣ ਬੈਂਕ 2000 ਦੇ ਨੋਟ ਇਸ਼ੂ ਨਹੀਂ ਕਰਨਗੇ।