Government Schools (ਚੰਡੀਗੜ੍ਹ ): ਸ਼ਹਿਰ ਦੇ 43 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ‘ਚ 24 ਮਈ ਬੁੱਧਵਾਰ ਤੋਂ 11ਵੀਂ ਜਮਾਤ ‘ਚ ਦਾਖ਼ਲੇ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਵਾਰ ਦਾਖ਼ਲੇ ਲਈ ਸਿੱਖਿਆ ਵਿਭਾਗ ਵਲੋਂ ਲਾਗੂ ਕੀਤੀ ਗਈ ਨਵੀਂ ਦਾਖ਼ਲਾ ਨੀਤੀ ਨੂੰ ਵੇਖਿਆ ਜਾਵੇ ਤਾਂ ਸਕੂਲਾਂ ‘ਚ ਹਾਈ ਕੱਟਆਫ ਨਾ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ। ਘੱਟ ਨੰਬਰ ਵਾਲੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਆਪਣਾ ਪਸੰਦੀਦਾ ਸਟ੍ਰੀਮ ਸੌਖ ਨਾਲ ਮਿਲ ਸਕੇਗਾ। ਇਸ ਤੋਂ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ਿਆਦਾ ਨੰਬਰ ਆਉਣ ਕਾਰਨ ਜਿੱਥੇ ਸਕੂਲਾਂ ‘ਚ ਕੱਟਆਫ ਕਾਫ਼ੀ ਹਾਈ ਜਾਂਦੀ ਸੀ, ਉੱਥੇ ਹੀ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਪਣਾ ਪਸੰਦੀਦਾ ਸਟ੍ਰੀਮ ਨਹੀਂ ਮਿਲਦਾ ਸੀ।
ਰਜਿਸਟ੍ਰੇਸ਼ਨ ਦੇ ਨਾਲ ਫ਼ੀਸ ਹੋਵੇਗੀ ਜਮ੍ਹਾਂ
24 ਮਈ ਤੋਂ ਜਿਉਂ ਹੀ ਦੁਪਹਿਰ 2 ਵਜੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਉਸਦੇ ਨਾਲ ਹੀ ਵਿਦਿਆਰਥੀਆਂ ਨੂੰ ਆਨਲਾਈਨ 200 ਰੁਪਏ ਪ੍ਰਾਸਪੈਕਟਸ ਲਈ ਜਮ੍ਹਾਂ ਕਰਵਾਉਣੇ ਪੈਣਗੇ, ਉਸ ਤੋਂ ਬਾਅਦ ਸਕੂਲ ਅਤੇ ਸਟ੍ਰੀਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਫ਼ਾਰਮ ਜਮ੍ਹਾਂ ਹੋਵੇਗਾ।
ਸ਼ਡਿਊਲ ਜਾਰੀ, ਦੁਪਹਿਰ 2 ਵਜੇ ਤੋਂ ਰਜਿਸਟ੍ਰੇਸ਼ਨ
ਸਿੱਖਿਆ ਵਿਭਾਗ ਵਲੋਂ 11ਵੀਂ ਜਮਾਤ ਦੇ ਦਾਖ਼ਲੇ ਲਈ ਜਾਰੀ ਸ਼ਡਿਊਲ ਮੁਤਾਬਕ 24 ਮਈ ਦੁਪਹਿਰ 2 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਅਤੇ ਵਿਦਿਆਰਥੀ 4 ਜੂਨ ਰਾਤ 11.59 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਣਗੇ। 9 ਜੂਨ ਨੂੰ ਦੁਪਹਿਰ 1 ਵਜੇ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਕਾਮਨ ਮੈਰਿਟ ਲਿਸਟ ਡਿਸਪਲੇਅ ਹੋਵੇਗੀ ਮਤਲਬ ਕਿ ਇਸ ‘ਚ ਐਲਿਜ਼ੀਬਲ ਵਿਦਿਆਰਥੀਆਂ ਦੀ ਡਿਟੇਲ ਹੋਵੇਗੀ। 9 ਜੂਨ ਤੋਂ 10 ਜੂਨ ਤੱਕ ਵਿਦਿਆਰਥੀ ਕਾਮਨ ਮੈਰਿਟ ਲਿਸਟ ’ਤੇ ਪਾਈ ਗਈ ਡਿਟੇਲ ਲਈ ਇਤਰਾਜ਼ ਆਨਲਾਈਨ ਕਰ ਸਕਦੇ ਹਨ। 12 ਜੂਨ ਤੱਕ ਸਾਰੇ ਇਤਰਾਜ਼ ਕਲੀਅਰ ਹੋ ਜਾਣਗੇ। 20 ਜੂਨ ਸਵੇਰੇ 11.30 ਵਜੇ ਫਾਈਨਲ ਅਲਾਟਮੈਂਟ ਆਫ ਸਕੂਲ ਅਤੇ ਸਟ੍ਰੀਮ ਦੀ ਲਿਸਟ ਜਾਰੀ ਹੋ ਜਾਵੇਗੀ। 21 ਤੋਂ 23 ਜੂਨ ਤੱਕ ਵਿਦਿਆਰਥੀਆਂ ਨੂੰ ਅਲਾਟ ਕੀਤੇ ਗਏ ਸਕੂਲ ‘ਚ ਆਪਣੇ ਦਸਤਾਵੇਜ਼ ਦੀ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ ਅਤੇ ਅਲਾਟ ਕੀਤੇ ਗਏ ਸਕੂਲ ‘ਚ ਫ਼ੀਸ ਜਮ੍ਹਾਂ ਹੋਵੇਗੀ। 1 ਜੁਲਾਈ ਤੋਂ ਅਲਾਟ ਕੀਤੇ ਗਏ ਸਕੂਲ ‘ਚ ਵਿਦਿਆਰਥੀਆਂ ਦੀਆਂ 11ਵੀਂ ਕਲਾਸ ਦੀ ਕਲਾਸਾਂ ਸ਼ੁਰੂ ਹੋ ਜਾਣਗੀਆਂ।