05/19/2024 10:38 AM

ਲਤੀਫ਼ਪੁਰਾ ਦੇ ਬੇਘਰ ਹੋਏ ਪਰਿਵਾਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਫਲੈਟ ਜਾਂ ਪਲਾਟ ਵਿੱਚ ਕਿਸੇ ਇੱਕ ਦੀ ਚੋਣ ਕਰਨ ਦੀ ਮਿਲੇਗੀ ਛੋਟ

ਲਤੀਫ਼ਪੁਰਾ ਵਾਸੀਆਂ ਲਈ ਮੁੜ ਵਸੇਬਾ ਸਕੀਮ ਤਹਿਤ ਅਰਜ਼ੀਆਂ ਦੇਣ ਦੀ ਮਿਤੀ ਵਿੱਚ 15 ਦਿਨਾਂ ਦਾ ਹੋਰ ਵਾਧਾ!

ਮਾਨ ਸਰਕਾਰ ਦੇ ਹੁਕਮਾਂ ‘ਤੇ ਲਾਭਪਾਤਰੀਆਂ ਨੂੰ ਦਿੱਤਾ ਗਿਆ ਹੈ ਇੱਕ ਹੋਰ ਮੌਕਾ- ਜਗਤਾਰ ਸਿੰਘ ਸੰਘੇੜਾ

  • ਜਲੰਧਰ, 24 ਮਈ (ਏਕਮ ਨਿਊਜ਼) ਜਲੰਧਰ ਦੇ ਲਤੀਫ਼ਪੁਰਾ ਵਿਖੇ ਪਿਛਲੇ ਸਾਲ ਹਟਾਏ ਨਾਜਾਇਜ਼ ਕਬਜ਼ਿਆਂ ਕਾਰਨ ਬੇਘਰ ਹੋਏ ਲੋਕਾਂ ਲਈ ਮਾਨ ਸਰਕਾਰ ਦੇ ਹੁਕਮਾਂ ‘ਤੇ ਮੁੜ ਵਸੇਬਾ ਸਕੀਮ ਅਨੁਸਾਰ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਅਤੇ ਸਕੀਮ ਮੁਤਾਬਿਕ ਬਿਨੈਕਾਰ ਨੂੰ ਆਪਣੀ ਮਰਜ਼ੀ ਅਨੁਸਾਰ ਫਲੈਟ ਜਾਂ ਪਲਾਟ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਖੁੱਲ੍ਹ ਵੀ ਦਿੱਤੀ ਜਾ ਰਹੀ ਹੈ।

ਜਲੰਧਰ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਮੁਹੱਲਾ ਲਤੀਫ਼ਪੁਰਾ ਦੀ ਸੋਧੀ ਹੋਈ ਮੁੜ-ਵਸੇਬਾ ਸਕੀਮ ਤਹਿਤ ਅਰਜ਼ੀਆਂ ਦੇਣ ਦੀ ਮਿਤੀ ਵਿੱਚ 15 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁੜ ਵਸੇਬਾ ਸਕੀਮ ਨੂੰ ਹੋਰ ਲਾਹੇਵੰਦ ਬਣਾਉਣ ਲਈ ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਨੂੰ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਲੈਣ ਜਾਂ ਸੂਰਿਆ ਇਨਕਲੇਵ ਐਕਸਟੈਨਸ਼ਨ ਵਿੱਚ ਪਲਾਟ ਵਿਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਖੁੱਲ੍ਹ ਵੀ ਦਿੱਤੀ ਜਾ ਰਹੀ ਹੈ।

ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਬੇਨਤੀ ਪੱਤਰ ਦੇ ਨਾਲ ਮੁਹੱਲਾ ਲਤੀਫ਼ਪੁਰਾ ਵਿਖੇ ਰਿਹਾਇਸ਼ ਦੇ ਸਬੂਤ ਦੇ ਤੌਰ ਤੇ ਬਿਜਲੀ/ਪਾਣੀ ਦਾ ਬਿੱਲ, ਰਾਸ਼ਨ ਕਾਰਡ ਜਾਂ ਆਧਾਰ ਕਾਰਡ ਆਦਿ ਨੂੰ 15 ਦਿਨਾਂ ਦੇ ਅੰਦਰ ਜਲੰਧਰ ਇੰਮਪਰੂਵਮੈਂਟ ਟਰੱਸਟ ਦੇ ਦਫ਼ਤਰ ਜਾਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਵਿਖੇ ਪੇਸ਼ ਕਰਨਾ ਹੋਵੇਗਾ। ਇਸੇ ਬੇਨਤੀ ਪੱਤਰ ਵਿੱਚ ਉਨ੍ਹਾਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਲੈਣਾ ਚਾਹੁੰਦੇ ਹਨ ਜਾਂ 94.97 ਏਕੜ ਵਾਲੇ ਸੂਰਿਆ ਇਨਕਲੇਵ ਐਕਸਟੈਨਸ਼ਨ ਵਿੱਚ 50 ਵਰਗ ਗਜ਼ ਦਾ ਪਲਾਟ।

ਜਗਤਾਰ ਸੰਘੇੜਾ ਨੇ ਦੱਸਿਆ ਕਿ ਮਾਨ ਸਰਕਾਰ ਲਤੀਫ਼ਪੁਰਾ ਵਾਸੀਆਂ ਦੇ ਮੁੜ-ਵਸੇਬੇ ਲਈ ਪੂਰੀ ਤਰ੍ਹਾਂ ਗੰਭੀਰ ਹੈ, ਅਤੇ ਵਸੇਬੇ ਦੀ ਇਹ ਪ੍ਰਕਿਰਿਆ ਜਾਣੀਂਕਿ ਫਲੈਟਾਂ/ਪਲਾਟਾਂ ਦੀ ਅਲਾਟਮੈਂਟ ਤਹਿ ਕੀਤੀ ਰਿਆਇਤੀ ਕੀਮਤ, ਨਿਯਮਾਂ ਅਤੇ ਸ਼ਰਤਾਂ ਅਨੁਸਾਰ ਪੂਰੇ ਪਾਰਦਰਸ਼ੀ ਢੰਗ ਨਾਲ ਹੋਵੇਗੀ।