05/04/2024 4:41 PM

11 ਦਿਨਾਂ ਦੀ ਬ੍ਰੇਕ ਮਗਰੋਂ ਅੱਗੇ ਵਧਿਆ ਮਾਨਸੂਨ

ਕਈ ਦਿਨਾਂ ਦੀ ਬ੍ਰੇਕ ਮਗਰੋਂ ਮਾਨਸੂਨ ਅੱਗੇ ਵਧਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 11 ਦਿਨਾਂ ਤੋਂ ਦੂਰ-ਦੁਰਾਡੇ ਦੀਪ ਸਮੂਹ ‘ਤੇ ਰੁਕਣ ਤੋਂ ਬਾਅਦ ਮਾਨਸੂਨ ਬੰਗਾਲ ਦੀ ਖਾੜੀ ‘ਚ ਅੱਗੇ ਵਧਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ ‘ਚ ਮਾਨਸੂਨ ਅੱਗੇ ਵਧਿਆ ਹੈ ਤੇ ਅਗਲੇ 2-3 ਦਿਨਾਂ ਵਿੱਚ ਇਸ ਦੇ ਹੋਰ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।

ਉਧਰ, ਪੰਜਾਬ ਤੇ ਹਰਿਆਣਾ ਸਮੇਤ ਨੌਂ ਰਾਜਾਂ ਵਿੱਚ ਮੰਗਲਵਾਰ ਨੂੰ ਹਨੇਰੀ ਦੇ ਨਾਲ ਮੀਂਹ ਪਿਆ। ਪੰਜਾਬ ਵਿੱਚ ਮੰਗਲਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ ਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਫਤਿਹਗੜ੍ਹ ਸਾਹਿਬ ‘ਚ 24 ਘੰਟਿਆਂ ‘ਚ 61.5 ਮਿਲੀਮੀਟਰ ਮੀਂਹ ਪਿਆ, ਜਦਕਿ ਚੰਡੀਗੜ੍ਹ ‘ਚ 36.5 ਮਿਲੀਮੀਟਰ ਮੀਂਹ ਪਿਆ।

ਇਸ ਦੇ ਨਾਲ ਹੀ ਹਿਮਾਚਲ ‘ਚ ਔਰੇਂਜ ਅਲਰਟ ਦੇ ਵਿਚਕਾਰ ਸੋਮਵਾਰ ਰਾਤ ਕੁੰਜਮ ਦੱਰੇ ਤੇ ਰੋਹਤਾਂਗ ਦੀਆਂ ਉੱਚੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਤੇ ਹੋਰ ਖੇਤਰਾਂ ‘ਚ ਭਾਰੀ ਬਾਰਸ਼ ਹੋਈ। ਇਸ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਭਾਰਤੀ ਮੌਸਮ ਵਿਭਾਗ ਮੁਤਾਬਕ 4 ਜੂਨ ਤੱਕ ਦਿੱਲੀ ‘ਚ ਮੌਸਮ ਸੁਹਾਵਣਾ ਰਹੇਗਾ, ਜਦਕਿ ਬਿਹਾਰ, ਝਾਰਖੰਡ, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ‘ਚ ਮੀਂਹ ਕਾਰਨ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੇਗੀ।ਆਈਐਮਡੀ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਪੂਰੇ ਭਾਰਤ ਵਿੱਚ ਬਾਰਿਸ਼ ‘ਆਮ ਤੋਂ ਘੱਟ’ ਪੱਧਰ ‘ਤੇ ਹੋਵੇਗੀ।