ਪੰਜਾਬ ਦੇ ਰਾਜਪਾਲ ਅਤੇ ਰਾਜ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਡਾ. ਰਾਜੀਵ ਸੂਦ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਡਾ. ਸੂਦ ਨੂੰ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤਾ ਗਿਆ ਹੈ।
ਡਾ. ਸੂਦ ਕੋਲ ਮੈਡੀਕਲ ਪ੍ਰੈਕਟਿਸ ਵਿੱਚ 40 ਸਾਲਾਂ ਦਾ ਵਿਸ਼ਾਲ ਤਜਰਬਾ ਹੈ। ਵੱਖ–ਵੱਖ ਅਸਾਮੀਆਂ ਦਾ ਪ੍ਰਸ਼ਾਸਨਿਕ ਤਜਰਬਾ ਵੀ ਰੱਖਦਾ ਹੈ। ਡਾ. ਸੂਦ ਕੋਲ ਐਮਸੀਐਚ ਵਿੱਚ 26 ਸਾਲ ਅਤੇ ਪ੍ਰੋਫੈਸਰ ਵਜੋਂ 12 ਸਾਲਾਂ ਦਾ ਟੀਚਿੰਗ ਦਾ ਤਜਰਬਾ ਹੈ। ਉਹ ਸਾਢੇ ਪੰਜ ਸਾਲਾਂ ਤੋਂ ਡੀਨ PGIMR ਦਿੱਲੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ABVIMS ਦੇ ਬਾਨੀ ਡੀਨ ਰਹੇ ਹਨ। ਉਹ 10 ਸਾਲਾਂ ਲਈ ਯੂਰੋ ਸਲਾਹਕਾਰ ਅਤੇ ਪੰਜ ਸਾਲਾਂ ਲਈ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਵਜੋਂ ਸੰਸਦ ਨਾਲ ਵੀ ਜੁੜੇ ਹੋਏ ਸਨ।
ਡਾ. ਸੂਦ ਕੋਲ 50 ਤੋਂ ਵੱਧ ਖੋਜ ਪ੍ਰਾਜੈਕਟ ਹਨ ਅਤੇ ਉਹਨਾਂ ਨੇ 1000 ਤੋਂ ਵੱਧ ਥੀਸਿਸ ਅਤੇ ਪ੍ਰਾਜੈਕਟਾਂ ਦੀ ਨਿਗਰਾਨੀ ਕੀਤੀ ਹੈ। ਉਨ੍ਹਾਂ ਨੇ 500 ਤੋਂ ਵੱਧ ਵਰਕਸ਼ਾਪਾਂ/ਸਿਖਲਾਈ ਮਾਡਿਊਲਾਂ ਦਾ ਸਫਲਤਾਪੂਰਵਕ ਆਯੋਜਨ ਕਰਨ ਤੋਂ ਇਲਾਵਾ ਕਈ ਰਾਸ਼ਟਰੀ/ਅੰਤਰਰਾਸ਼ਟਰੀ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।
ਡਾ. ਰਾਜੀਵ ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਅਤੇ PGMIER-ਦਿੱਲੀ ਤੋਂ MS (ਜਨਰਲ ਸਰਜਰੀ) ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਏਮਜ਼ ਨਵੀਂ ਦਿੱਲੀ ਤੋਂ MCH (ਯੂਰੋਲੋਜੀ) ਕੀਤਾ। ਡਾ. ਰਾਜੀਵ ਸੂਦ ਨੂੰ ਸਾਲ 2017 ਵਿੱਚ ਮੈਡੀਕਲ ਖੇਤਰ ਵਿੱਚ ਵੱਕਾਰੀ ਡਾ. ਬੀ.ਸੀ ਰਾਏ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ–ਚਾਂਸਲਰ ਦੇ ਅਹੁਦੇ ਲਈ ਪੰਜ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਰਾਜਪਾਲ ਨੂੰ ਭੇਜਿਆ ਹੈ। ਡਾ: ਰਾਜ ਬਹਾਦਰ ਵੱਲੋਂ ਵੀਸੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਜ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ। ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਰਾਜਪਾਲ ਨੇ ਡਾ. ਵਾਂਡਰ ਦੀ ਨਿਯੁਕਤੀ ਰੱਦ ਕਰ ਦਿੱਤੀ ਅਤੇ ਸੂਬਾ ਸਰਕਾਰ ਨੂੰ ਪੰਜ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਭੇਜਣ ਲਈ ਕਿਹਾ ਸੀ।