ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਸਥਿਤ ਇੱਕ ਨਵਜੰਮੇ ਬੱਚਿਆਂ ਦੇ ਹਸਪਤਾਲ ਵਿੱਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ ਹੈ। ਇਸ ਘਟਨਾ ਤੋਂ ਬਾਅਦ ਹਸਪਤਾਲ ‘ਚ ਤੇਜ਼ੀ ਨਾਲ ਬਚਾਅ ਮੁਹਿੰਮ ਚਲਾਈ ਗਈ ਅਤੇ 20 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ ਹੈ। ਇਹ ਹਸਪਤਾਲ ਵੈਸ਼ਾਲੀ ਕਲੋਨੀ ਵਿੱਚ ਸਥਿਤ ਹੈ। ਫਿਲਹਾਲ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਹੋਰ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਹੈ।
ਫਾਇਰ ਵਿਭਾਗ ਮੁਤਾਬਕ ਉਨ੍ਹਾਂ ਨੂੰ ਸ਼ੁੱਕਰਵਾਰ ਦੇਰ ਰਾਤ 1.35 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ , ਜਿਸ ਤੋਂ ਬਾਅਦ 9 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਹਸਪਤਾਲ ਦੇ ਬੇਸਮੈਂਟ ਵਿੱਚ ਰੱਖੇ ਕੁਝ ਫਰਨੀਚਰ ਨੂੰ ਅੱਗ ਲੱਗ ਗਈ। ਸਵੇਰੇ 2.25 ਵਜੇ ਜਾ ਕੇ ਅੱਗ ‘ਤੇ ਕਾਬੂ ਪਾਇਆ ਗਿਆ। 20 ਨਵਜੰਮੇ ਬੱਚਿਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਸਿਫਟ ਕੀਤਾ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਗਲੀ ਤੰਗ ਹੋਣ ਕਾਰਨ ਅੱਗ ਬੁਝਾਉਣ ਵਿੱਚ ਦਿੱਕਤ ਆ ਰਹੀ ਹੈ। ਅਸੀਂ ਸਮੇਂ ਸਿਰ ਉੱਥੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਸਾਰੇ ਬੱਚਿਆਂ ਨੂੰ ਬਚਾਉਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ‘ਚ ਭੇਜ ਦਿੱਤਾ ਗਿਆ। ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕੋਲ ਫਾਇਰ ਐਨਓਸੀ ਨਹੀਂ ਸੀ, ਹਸਪਤਾਲ ਸਿਰਫ਼ ਇੱਕ ਮੰਜ਼ਿਲ ਦਾ ਸੀ। ਅਗਲੇਰੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ 4 ਦਿਨ ਪਹਿਲਾਂ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ‘ਚ ਝੁੱਗੀਆਂ ‘ਚ ਭਿਆਨਕ ਅੱਗ ਲੱਗ ਗਈ ਸੀ। ਇਸ ਦੇ ਨਾਲ ਹੀ 28 ਮਾਰਚ ਨੂੰ ਦਿੱਲੀ ਦੇ ਬਦਰਪੁਰ ਸਰਹੱਦੀ ਇਲਾਕੇ ‘ਚ ਵੀ ਭਿਆਨਕ ਅੱਗ ਲੱਗ ਗਈ ਸੀ। ਅੱਗ ਨੇ ਇੱਕ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਅੱਗ ਇੰਨੀ ਭਿਆਨਕ ਸੀ ਕਿ ਦੋ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਨਾਲ ਸੜ ਗਈ ਸੀ । ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਦੀਆਂ ਲਪਟਾਂ ਕਾਰਨ ਇਮਾਰਤ ਇੰਨੀ ਢਹਿ-ਢੇਰੀ ਹੋ ਗਈ ਸੀ ਕਿ ਇਹ ਡਿੱਗਣ ਵਾਲੀ ਸੀ।