ਪੰਜਾਬ ਦੇ ਪੁਲਿਸ ਥਾਣਿਆਂ ਵਿਚ ਹੁਣ ਰਾਤ ਦੇ ਸਮੇਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਮੁਲਾਜ਼ਮ ਡਿਊਟੀ ਨਹੀਂ ਦੇ ਸਕਣਗੇ। ਲੋਕਾਂ ਦੀ ਸਹੂਲਤਾਂ ਲਈ ਜਲਦ ਹੀ ਸੜਕਾਂ ‘ਤੇ ਨਾਕਿਆਂ ਦੀ ਤਰਜ ‘ਤੇ ਹੁਣ ਥਾਣਿਆਂ ਵਿਚ ਵੀ ਅਲਕੋਮੀਟਰ ਰੱਖੇ ਜਾਣਗੇ। ਡਿਊਟੀ ਜੁਆਇਨ ਕਰਨ ਸਮੇਂ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਜਾਵੇਗੀ।
ਵਿਧਾਨ ਸਭਾ ਦੀ ਗ੍ਰਹਿ ਸਕੱਤਰ ਦੀ ਕਮੇਟੀ ਦੀ ਸਿਫਾਰਸ਼ ‘ਤੇ ਪੁਲਿਸ ਨੇ ਇਸ ਦਿਸ਼ਾ ਵਲ ਕਦਮ ਵਧਾਇਆ ਹੈ। ਉਮੀਦ ਹੈ ਜਲਦ ਹੀ ਇਸ ਨੂੰ ਪੂਰੇ ਸੂਬੇ ਵਿਚ ਲਗਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਕਿ ਲੋਕਾਂ ਨੂੰ ਇਨਸਾਫ ਲਈ ਧੱਕੇ ਖਾਣੇ ਪੈਣਗੇ। ਪਹਿਲ ਦੇ ਆਧਾਰ ‘ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ।
ਪੰਜਾਬ ਪੁਲਿਸ ਨੇ ਪਹਿਲੇ ਪੜਾਅ ਵਿਚ ਲਈ ਲਗਭਗ 2300 ਐਲਕੋਮੀਟਰ ਖਰੀਦਣ ਦੀ ਦਿਸ਼ਾ ਵਿਚ ਕਦਮ ਵਧਾਇਆ ਹੈ। ਇਨ੍ਹਾਂ ਨੂੰ ਨਾਕਿਆਂ ਤੇ ਥਾਣਿਆਂ ਲਈ ਇਸਤੇਮਾਲ ਕੀਤਾ ਜਾਵੇਗਾ। ਯੋਜਨਾ ਵਿਚ 412 ਥਾਣਿਆਂ ਨੂੰ ਕਵਰ ਕੀਤਾ ਜਾਵੇਗਾ। ਪੁਲਿਸ ਵਿਭਾਗ ਦੇ ਅਧਿਕਾਰੀ ਹੁਣ ਪ੍ਰਾਜੈਕਟ ਨੂੰ ਜਲਦ ਹੀ ਸ਼ੁਰੂ ਕਰਨ ਦੀ ਤਿਆਰੀ ਵਿਚ ਹਨ। ਇਸ ਲਈ ਸੀਐੱਮ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਚਰਚਾ ਹੋ ਚੁੱਕੀ ਹੈ। ਉਨ੍ਹਾਂ ਸਾਫ ਕੀਤਾ ਕਿ ਡਿਊਟੀ ਸਮੇਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਉਹ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਸਮਝਦੇ ਹਨ। ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਕੋਈ ਵੀ ਮੁਲਾਜ਼ਮ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਦਾ ਹੈ ਤੇ ਲੋਕਾਂ ਨਾਲ ਗਾਲੀ ਗਲੋਚ ਕਰਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਕੁਝ ਸਮਾਂ ਪਹਿਲਾਂ ਵਿਧਾਨ ਸਭਾ ਦੀ ਕਮੇਟੀ ਨੇ ਥਾਣਿਆਂ ਦਾ ਦੌਰਾ ਕੀਤਾ ਸੀ। ਕਮੇਟੀ ਨੇ ਉਸ ਸਮੇਂ ਨੋਟ ਕੀਤਾ ਸੀ ਕਿ ਰਾਤ ਵਿਚ ਡਿਊਟੀ ਦੇ ਸਮੇਂ ਕੁਝ ਮੁਲਾਜ਼ਮ ਨਸ਼ੇ ਦੀ ਹਾਲਤ ਵਿਚ ਪਾਏ ਜਾਂਦੇ ਹਨ। ਉਹ ਲੋਕਾਂ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਦੀ ਬਜਾਏ ਗਾਲ੍ਹਾਂ ਕੱਢਦੇ ਹਨ। ਅਜਿਹੇ ਮੁਲਾਜ਼ਮਾਂ ‘ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਇਸ ‘ਤੇ ਵਿਭਾਗ ਦੇ ਅਧਿਕਾਰੀ ਨੇ ਟੀਮ ਨੂੰ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਨਸ਼ੇ ਵਿਚ ਫੜਿਆ ਜਾਂਦਾ ਹੈ ਤਾਂ ਉਸ ‘ਤੇ ਪਹਿਲ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਵਿਭਾਗੀ ਜਾਂਚ ਵੀ ਕੀਤੀ ਜਾਂਦੀ ਹੈ।
ਜਦੋਂ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਨਸ਼ੇ ਵਿਚ ਟੱਲੀ ਹੋ ਕੇ ਡਿਊਟੀ ਦੇਣ ਵਾਲੇ ਮੁਲਾਜ਼ਮਾਂ ‘ਤੇ ਸਖਤ ਕਾਰਵਾਈ ਹੋਈ ਹੈ। ਮੋਹਾਲੀ ਦੇ ਡੇਰਾਬੱਸੀ ਸਬ-ਡਵੀਜ਼ਨ ਵਿਚ ਇਕ ਚੌਕੀ ਵਿਚ ਵਿਧਾਇਕ ਨੇ ਖੁਦ ਛਾਪਾ ਮਾਰਿਆ ਸੀ। ਇਸ ਵਿਚ ਚੌਕੀ ਇੰਚਾਰਜ ਖੁਦ ਆਪਣੇ ਦੋਸਤਾਂ ਨਾਲ ਸ਼ਰਾਬ ਦਾ ਸੇਵਨ ਕਰਦੇ ਹੋਏ ਫੜਿਆ ਗਿਆ ਸੀ। ਇਸ ਦੇ ਬਾਅਦ ਉਸ ਨੂੰ ਸਸਪੈਂਡ ਕੀਤਾ ਗਿਆ ਸੀ। ਨਾਲ ਹੀ ਉਸ ‘ਤੇ ਸਖਤ ਕਾਰਵਾਈ ਕੀਤੀ ਗਈ ਸੀ।