ਪੰਜਾਬੀ ਕੈਨੇਡੀਅਨ ਰੈਪਰ-ਸਿੰਗਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਹਾਲ ਵਿੱਚ ਹੋਣ ਵਾਲਾ ਸ਼ੁਭ ਦਾ ਇੰਡੀਆ ਟੂਰ ਵੀ ਰੱਦ ਹੋ ਗਿਆ ਹੈ। ਇਸ ਦੌਰਾਨ ਕਈ ਲੋਕ ਸ਼ੋਸਲ ਮੀਡੀਆ ਉੱਪਰ ਉਸ ਖਿਲਾਫ ਪੋਸਟਾਂ ਸ਼ੇਅਰ ਕਰ ਨਫਰਤ ਫੈਲਾ ਰਹੇ ਹਨ। ਇਸ ਸਾਰੇ ਵਿਵਾਦ ਦੇ ਵਿੱਚ ਗਾਇਕ ਸ਼ੁਭ ਦਾ ਪਹਿਲਾ ਆਫੀਸ਼ੀਅਲ ਬਿਆਨ ਸਾਹਮਣੇ ਆਇਆ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਹੈ ਅਤੇ ਆਪਣੇ ਇੰਡੀਆ ਟੂਰ ਰੱਦ ਹੋਣ ਉੱਤੇ ਦੁੱਖ ਵੀ ਜਤਾਇਆ ਹੈ।
ਪੰਜਾਬੀ ਗਾਇਕ ਸ਼ੁਭ ਨੇ ਲਿਖਿਆ ਹੈ- ‘ਭਾਰਤ ਵੀ ਮੇਰਾ ਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਹੈ…ਪੰਜਾਬ ਮੇਰੀ ਆਤਮਾ ਹੈ, ਪੰਜਾਬ ਮੇਰੇ ਖੂਨ ਵਿੱਚ ਹੈ, ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ, ਪੰਜਾਬੀਆਂ ਦੀਆਂ ਕੁਰਬਾਨੀਆਂ ਇਤਿਹਾਸ ਵਿੱਚ ਦਰਜ ਹਨ…ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੀ ਬੇਨਤੀ ਹੈ ਕਿ ਪੰਜਾਬੀਆਂ ਨੂੰ ਦੇਸ਼ ਵਿਰੋਧੀ ਨਾ ਕਿਹਾ ਜਾਵੇ…ਮੇਰੇ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ’।
ਸ਼ੁਭ ਨੇ ਆਪਣੀ ਪੁਰਾਣੀ ਪੋਸਟ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਨੇ ਕਿਸੇ ਗਲਤ ਇਰਾਦੇ ਦੇ ਨਾਲ ਉਹ ਤਸਵੀਰ ਸਾਂਝੀ ਨਹੀਂ ਸੀ ਕੀਤੀ। ਇਹ ਸਿਰਫ ਰਾਜ ਵਿੱਚ ਬਿਜਲੀ ਅਤੇ ਇੰਟਰਨੈਟ ਸੇਵਾਵਾਂ ਬੰਦ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸਿਰਫ ਪੰਜਾਬ ਲਈ ਪ੍ਰਾਰਥਨਾ ਕਰਨ ਲਈ ਨਕਸ਼ਾ ਸਾਂਝਾ ਕੀਤਾ ਸੀ।
ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ- “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”
“ਪਰ ਮੈਨੂੰ ਗੁਰਾਂ ਨੇ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ ‘ਚ ਆਉਣਾ ਹੈ, ਜੋ ਪੰਜਾਬੀਅਤ ਸਿਖਾਉਂਦੀ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗੇ। ਮੈਂ ਤੇ ਮੇਰੀ ਟੀਮ ਛੇਤੀ ਹੀ ਤਕੜੇ ਤੇ ਮਜ਼ਬੂਤ ਹੋ ਕੇ ਆਵਾਂਗੇ।”
ਦੱਸ ਦਈਏ ਹਾਲ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ। ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦਾ ਅਸਰ ਗਇਕ ਸ਼ੁਭ ਦੇ ਮੁੰਬਈ ਵਿੱਚ ਹੋਣ ਵਾਲੇ ਸ਼ੋਅ ਉੱਤੇ ਵੀ ਪਿਆ, ਜਿਸ ਕਰਕੇ ਗਾਇਕ ਦਾ ਇੰਡੀਆ ਟੂਰ ਰੱਦ ਕਰ ਦਿੱਤਾ ਗਿਆ।