ਮਾਪੇ ਕਿੰਨੇ ਸੁਪਨਿਆਂ ਨਾਲ ਆਪਣੇ ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਦੇ ਹਨ ਪਰ ਉਦੋਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਹੀ ਟੁੱਟ ਜਾਂਦਾ ਹੈ, ਜਦੋਂ ਵਿਦੇਸ਼ ਤੋਂ ਕੋਈ ਮੰਦਭਾਗੀ ਖਬਰ ਆਉਂਦੀ ਹੈ। ਅਜਿਹਾ ਹੀ ਦੁੱਖਾਂ ਦਾ ਪਹਾੜ ਟੁੱਟਿਆ ਸੋਢਲ ਦੇ ਜਲੰਧਰ ਦੇ ਪਰਿਵਾਰ ‘ਤੇ ਜਿਥੇ ਕੈਨੇਡਾ ‘ਚ ਸੜਕ ਹਾਦਸੇ ‘ਚ ਉਨ੍ਹਾਂ ਦੇ 20 ਸਾਲਾ ਮੁੰਡੇ ਰਾਹੁਲ ਹਾਂਡਾ ਦੀ ਮੌਤ ਹੋ ਗਈ। ਪੁੱਤਰ ਦੀ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ‘ਚ ਸੰਨਾਟਾ ਛਾ ਗਿਆ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਹੁਲ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਕੈਨੇਡਾ ‘ਚ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਹੀ ਸੈਟਲ ਹੋ ਜਾਵੇਗਾ ਅਤੇ ਪਰਿਵਾਰ ਦੀ ਦੇਖਭਾਲ ਕਰੇਗਾ। ਜਿਵੇਂ ਹੀ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਬੁਰੀ ਤਰ੍ਹਾਂ ਰੋਣ ਲੱਗ ਪਈ। ਪਰਿਵਾਰ ਦੇ ਹੋਰ ਮੈਂਬਰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਾਪੇ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਤਿੰਨ ਦੋਸਤਾਂ ਨਾਲ ਕਿਸੇ ਨੂੰ ਲੈਣ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਉਸ ਨਾਲ ਹਾਦਸਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚਾਰ ਦੋਸਤਾਂ ਵਿੱਚੋਂ ਰਾਹੁਲ ਹੀ ਮਰਿਆ ਸੀ। ਬਾਕੀ ਤਿੰਨ ਦੋਸਤ ਗੰਭੀਰ ਜ਼ਖ਼ਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਨੇ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।