ਜਲੰਧਰ 13 ਅਪ੍ਰੈਲ (EN) ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ 13 ਫਰਵਰੀ ਤੋਂ ਦਿੱਲੀ ਕੂਚ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਦਾ ਅੰਦੋਲਨ ਅੱਜ ਵੱਖ ਵੱਖ ਬਾਡਰਾਂ ਤੇ 90 ਦਿਨ ਪੂਰੇ ਕਰ ਰਿਹਾ ਹੈ। ਇਸ ਮੌਕੇ ਮੋਰਚੇ ਦੇ ਮੁੱਖ ਆਗੂਆਂ ਵਿੱਚੋ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਅਤੇ ਖੇਤੀ ਵਿਚ ਵੀ ਰੁਝੇਵਿਆਂ ਭਰੇ ਦਿਨ ਹਨ ਪਰ ਇਸਦੇ ਬਾਵਜੂਦ ਅੰਦੋਲਨ ਦਾ ਏਨਾ ਅਸਰ ਹੈ ਕਿ ਮੋਰਚਿਆਂ ਵਿਚ ਆਉਣ ਜਾਣ ਵਾਲੇ ਕਿਸਾਨ ਮਜਦੂਰ ਅਤੇ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਓਹਨਾ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਦੇ ਸਭ ਤੋਂ ਵੱਡੇ ਪੱਤੇ ਜਾਣੀਕਿ ਧਰਮ ਦੀ ਸਿਆਸਤ ਨੂੰ ਸਮਝ ਚੁੱਕੇ ਹਨ ਅਤੇ ਇਸ ਲਈ ਭਾਜਪਾ ਦੇ ਆਗੂਆਂ ਨੂੰ ਪੁੱਛੇ ਜਾ ਰਹੇ ਆਰਥਿਕ ਤੇ ਸਮਾਜਿਕ ਮੁੱਦਿਆਂ ਤੇ ਸਵਾਲਾਂ ਦੇ ਜਵਾਬ ਨਹੀਂ ਸੁੱਝ ਰਹੇ। ਓਹਨਾ ਕਿਹਾ ਕਿ 22 ਮਈ ਨੂੰ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਦੇਸ਼ ਦੀਆਂ ਵੱਖ ਵੱਖ ਸਟੇਟਾਂ ਦੇ ਕਿਸਾਨ ਮਜ਼ਦੂਰ ਅਤੇ ਔਰਤਾਂ ਅੰਦੋਲਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਪਹੁੰਚ ਰਹੇ ਹਨ, ਜਿਸ ਨਾਲ ਰਾਜਨੀਤਿਕ ਨਸ਼ੇ ਵਿੱਚ ਚੂਰ ਸਿਆਸਤਦਾਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਓਹਨਾ ਕਿਹਾ ਕਿ ਕਿਸਾਨ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਲੰਬੇ ਸੰਘਰਸ਼ ਲਈ ਤਿਆਰ ਹਨ।