ਦਿੱਲੀ ਦੇ ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖੌਫ਼ਨਾਕ ਕਤਲ ਕਾਂਡ ਦੀ ਕਹਾਣੀ ਸੁਣਨ ਵਾਲੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਸਭ ਤੋਂ ਪਹਿਲਾ ਸਵਾਲ ਜੋ ਹਰ ਕਿਸੇ ਦੇ ਮਨ ‘ਚ ਆਉਂਦਾ ਹੈ ਉਹ ਇਹ ਹੈ ਕਿ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ?
ਡੇਟਿੰਗ ਐਪ ‘ਤੇ ਮੁਲਾਕਾਤ ਹੋਈ ਅਤੇ ਫਿਰ ਪਿਆਰ ਅਤੇ ਫਿਰ ਲਿਵ-ਇਨ ਰਿਲੇਸ਼ਨਸ਼ਿਪ, ਪਰ ਇਸ ਪਿਆਰ ਦਾ ਅੰਤ ਬਹੁਤ ਖੌਫ਼ਨਾਕ ਰਿਹਾ। ਆਫ਼ਤਾਬ ਨੇ ਆਪਣੇ ਲਿਵ-ਇਨ ਪਾਰਟਨਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਦੇ 35 ਟੁਕੜੇ ਕਰ ਦਿੱਤੇ। ਆਓ ਤੁਹਾਨੂੰ ਦੱਸਦੇ ਹਾਂ ਆਫ਼ਤਾਬ-ਸ਼ਰਧਾ ਦੀ ਡਰਾਉਣੀ ਕਹਾਣੀ ਦੇ ਕੁਝ ਅਹਿਮ ਪਹਿਲੂ।
ਡੇਟਿੰਗ ਐਪ ਰਾਹੀਂ ਹੋਈ ਮੁਲਾਕਾਤ
ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਕਤਲ ਕਰਨ ਵਾਲੇ ਆਫ਼ਤਾਬ ਅਮੀਨ ਪੂਨਾਵਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ 2019 ‘ਚ ਇੱਕ ਡੇਟਿੰਗ ਐਪ ਰਾਹੀਂ ਉਸ ਨੂੰ ਮਿਲਿਆ ਸੀ। ਉਸ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਉਸੇ ਸਾਲ ਤੋਂ ਇਕੱਠੇ ਰਹਿ ਰਹੇ ਸਨ। ਪੁੱਛਗਿੱਛ ਦੌਰਾਨ ਆਫ਼ਤਾਬ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਅਤੇ ਸ਼ਰਧਾ ਦੇ ਰਿਸ਼ਤੇ ਖਰਾਬ ਸਨ ਅਤੇ ਅਕਸਰ ਝਗੜੇ ਹੁੰਦੇ ਸਨ। ਉਸ ਨੇ ਦੱਸਿਆ ਕਿ ਸ਼ਰਧਾ ਉਸ ‘ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ ਅਤੇ ਇਸ ਗੱਲ ਨੂੰ ਲੈ ਕੇ ਉਹ ਅਕਸਰ ਝਗੜਾ ਕਰਦੇ ਰਹਿੰਦੇ ਸਨ।
ਰਾਤ ਨੂੰ ਸੁੱਟਦਾ ਸੀ ਸਰੀਰ ਦੇ ਟੁਕੜੇ
18 ਮਈ ਨੂੰ ਤਕਰਾਰ ਤੋਂ ਬਾਅਦ ਆਫ਼ਤਾਬ ਨੇ ਆਪਣੇ ਪ੍ਰੇਮਿਕਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਫਿਰ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਅਤੇ ਕੱਟੇ ਹੋਏ ਹਿੱਸਿਆਂ ਨੂੰ ਸਟੋਰ ਕਰਨ ਲਈ ਫਰਿੱਜ ਖਰੀਦਿਆ। ਅਗਲੇ 16 ਦਿਨਾਂ ‘ਚ ਉਹ ਰਾਤ ਦੇ ਹਨੇਰੇ ‘ਚ ਘਰੋਂ ਬਾਹਰ ਨਿਕਲਦਾ ਅਤੇ ਦਿੱਲੀ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ ‘ਤੇ ਟੁਕੜਿਆਂ ਨੂੰ ਟਿਕਾਣੇ ਲਗਾ ਦਿੰਦਾ ਸੀ।
ਸ਼ਰਧਾ ਦੇ ਪਿਤਾ ਨੇ ਕਰਵਾਈ FIR, ਫਿਰ ਹੋਈ ਗ੍ਰਿਫ਼ਤਾਰ
ਸ਼ਰਧਾ ਦੇ ਪਿਤਾ ਵੱਲੋਂ ਮੁੰਬਈ ‘ਚ 8 ਨਵੰਬਰ ਨੂੰ ਦਿੱਲੀ ਦੇ ਮਹਿਰੌਲੀ ਥਾਣੇ ‘ਚ ਲਾਪਤਾ ਹੋਣ ਦੀ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਸ਼ਰਧਾ ਦੇ ਦੋਸਤ ਨੇ 14 ਸਤੰਬਰ ਨੂੰ ਉਸ ਦੀ ਬੇਟੀ ਨਾਲ ਸੰਪਰਕ ਕੀਤਾ ਸੀ। ਸ਼ਰਧਾ ਦਾ ਫੋਨ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੰਦ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਉਸ ਕਮਰੇ ਨੂੰ ਰਸਾਇਣਕ ਤੌਰ ‘ਤੇ ਸਾਫ਼ ਕੀਤਾ ਸੀ, ਜਿੱਥੇ ਅਪਰਾਧ ਹੋਇਆ ਸੀ ਅਤੇ ਸਰੀਰ ਦੇ ਅੰਗ ਰੱਖਣ ਲਈ ਫਰਿੱਜ ਦੀ ਵਰਤੋਂ ਕੀਤੀ ਸੀ। ਜਦੋਂ ਪੁਲਿਸ ਨੇ ਫਰਿੱਜ ਬਰਾਮਦ ਕੀਤੀ ਤਾਂ ਉਸ ‘ਚ ਖੂਨ ਦੀ ਇੱਕ ਬੂੰਦ ਵੀ ਨਹੀਂ ਸੀ।
8 ਨਵੰਬਰ ਨੂੰ ਮੁੰਬਈ ਪੁਲਿਸ ਨੇ ਮਹਿਰੌਲੀ ਪੁਲਿਸ ਸਟੇਸ਼ਨ ‘ਚ ਸ਼ਰਧਾ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਜਾਂਚ ਦੌਰਾਨ ਆਫ਼ਤਾਬ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ 5 ਦਿਨਾਂ ਲਈ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।