ਹਰਿਆਣਾ ( Haryana ) ‘ਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸਵੇਰੇ 3.57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਮਹਿਸੂਸ ਨਹੀਂ ਕਰ ਸਕੇ। ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਲੋਕ ਆਪਣੇ ਘਰਾਂ ‘ਚ ਸੁੱਤੇ ਹੋਏ ਸਨ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ।
ਇੱਕ ਮਹੀਨੇ ਵਿੱਚ ਚੌਥੀ ਵਾਰ ਉੱਤਰੀ ਭਾਰਤ ਵਿੱਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਵਿੱਚੋਂ 2 ਵਾਰ ਕੇਂਦਰ ਜੰਮੂ ਕਸ਼ਮੀਰ ਅਤੇ ਇੱਕ ਵਾਰ ਲੇਹ ਲੱਦਾਖ ਸੀ। ਇਸ ਵਾਰ ਕੇਂਦਰ ਹਰਿਆਣਾ ਦਾ ਰੋਹਤਕ ਰਿਹਾ ਹੈ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲਿਆ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸ ਭੂਚਾਲ (Earthquake) ਦੀ ਤੀਬਰਤਾ 3.2 ਸੀ। ਇਹ ਭੂਚਾਲ ਸਵੇਰੇ 3.57 ਵਜੇ ਮਹਿਸੂਸ ਕੀਤਾ ਗਿਆ। ਜਿਸ ਦਾ ਅਕਸ਼ਾਂਸ਼ 29.12, ਲੰਬਕਾਰ 76.35 ਅਤੇ ਡੂੰਘਾਈ 10 ਕਿਲੋਮੀਟਰ ਸੀ। ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਟਰ ਉੱਤਰ-ਪੱਛਮ ਵੱਲ ਸੀ। ਭੂਚਾਲ ਦੇ ਝਟਕੇ ਸਵੇਰੇ ਉਦੋਂ ਆਏ, ਜਦੋਂ ਲੋਕ ਸੁੱਤੇ ਪਏ ਸਨ। ਜੇਕਰ ਇਸ ਦੀ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।